ਕਰੋੜਾਂ ਰੁਪਏ ਦੇ ਸਿੰਜਾਈ ਪ੍ਰਾਜੈਕਟਾਂ ਦੀ ਸ਼ੁਰੂਆਤ
ਜਲ ਸਰੋਤ ਮੰਤਰੀ ਨੇ ਸੰਧੂ ਕਲਾਂ ਤੇ ਭਗਤਪੁਰਾ ਪਿੰਡਾਂ ਵਿਚ ਸ਼ੁਰੂ ਕਰਵਾਏ ਕੰਮ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਤੀਬਾੜੀ ਅਤੇ ਕਿਸਾਨੀ ਨੂੰ ਖੁਸ਼ਹਾਲ ਬਣਾਉਣ ਦੇ ਮਕਸਦ ਨਾਲ 7200 ਕਰੋੜ ਰੁਪਏ ਦੇ ਨਹਿਰੀ ਸਿੰਜਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਵਿੱਚ 37 ਕਰੋੜ ਰੁਪਏ ਦੀ ਲਾਗਤ ਵਾਲੇ ਢਪਾਲੀ ਸਿਸਟਮ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਨਾਲ ਇਲਾਕੇ ਦੇ 11 ਪਿੰਡਾਂਵਿਧਾਤਾ, ਚੁੰਘਾ, ਦੀਨਾ ਸਾਹਿਬ, ਭਦੌੜ, ਪੱਤੀ ਦੀਪਨ ਸਿੰਘ, ਸਹਿਣਾ, ਬੱਲੋਕੇ, ਸੰਧੂ ਕਲਾਂ, ਨੈਣੇਵਾਲ, ਸੰਧੂ ਖੁਰਦ ਅਤੇ ਫੂਲੇਵਾਲਾ ਨੂੰ ਸਿੱਧਾ ਲਾਭ ਪਹੁੰਚੇਗਾ। ਇਸ ਨਾਲ 3854 ਏਕੜ ਹੋਰ ਵਾਧੂ ਰਕਬੇ ਵਿੱਚ ਨਹਿਰੀ ਪਾਣੀ ਪੁੱਜੇਗਾ, ਜਿਸ ਨਾਲ ਪਹਿਲਾਂ ਲਾਭ ਲੈ ਰਹੇ 5418 ਏਕੜ ਰਕਬੇ ਤੋਂ ਵਧ ਕੇ ਹੁਣ ਕੁੱਲ 9272 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਮਿਲੇਗਾ।
ਇਸ ਤੋਂ ਇਲਾਵਾ ਜਲ ਸਰੋਤ ਮੰਤਰੀ ਨੇ ਪਿੰਡ ਭਗਤਪੁਰਾ ਵਿੱਚ 45.46 ਕਰੋੜ ਰੁਪਏ ਦੀ ਲਾਗਤ ਵਾਲੇ ਕੰਕਰੀਟ ਲਾਈਨਿੰਗ ਅਤੇ ਨਹਿਰੀ ਖਾਲਾਂ ਦੇ ਨਵੀਨੀਕਰਨ ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ। ਇਸ ਪ੍ਰਾਜੈਕਟ ਅਧੀਨ ਭਦੌੜ ਹਲਕੇ ਵਿੱਚ ਪੈਂਦੀ ਸਹਿਣਾ ਡਿਸਟ੍ਰੀਬਿਊਟਰੀ, ਦਰਾਜ ਮਾਈਨਰ, ਢਿੱਲਵਾਂ ਮਾਈਨਰ ਅਤੇ ਸਹਿਣਾ ਮਾਈਨਰ ਦੀ ਕੰਕਰੀਟ ਲਾਈਨਿੰਗ ਕੀਤੀ ਗਈ ਹੈ। ਇਸ ਨਾਲ ਪੱਤੀ ਖੱਟਰ, ਜੈਮਲ ਸਿੰਘ ਵਾਲਾ, ਢਿੱਲਵਾਂ ਪਟਿਆਲਾ, ਢਿੱਲਵਾਂ ਨਾਭਾ, ਮੌੜ ਪਟਿਆਲਾ, ਮੌੜ ਨਾਭਾ, ਉਗੋਕੇ, ਦਰਾਜ, ਸਹਿਣਾ, ਬੁਰਜ ਫਤਿਹਗੜ੍ਹ, ਪੱਤੀ ਦਰਾਕਾ ਅਤੇ ਭਗਤਪੁਰਾ ਸਮੇਤ 12 ਹੋਰ ਪਿੰਡਾਂ ਨੂੰ ਲਾਭ ਮਿਲੇਗਾ। ਇਸ ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਨੂੰ ਮਿਲੇ ਕਰੋੜਾਂ ਰੁਪਏ ਦੇ ਨਹਿਰੀ ਪ੍ਰਾਜੈਕਟਾਂ ਕਾਰਨ ਦਰਜਨਾਂ ਪਿੰਡਾਂ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਹੈ। ਸਮਾਗਮ ਵਿੱਚ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਚੇਅਰਮੈਨ ਅੰਮ੍ਰਿਤ ਢਿੱਲਵਾਂ, ਸਰਪੰਚ ਸੋਨੀ ਸਿੰਘ, ਐੱਸ ਡੀ ਐੱਮ (ਤਪਾ) ਆਯੂਸ਼ ਗੋਇਲ, ਪੀ ਏ ਹੈਰੀ ਧਾਲੀਵਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਬਾਘਾ ਪੁਰਾਣਾ ( ਕਿਰਨਦੀਪ ਸਿੰਘ ਬੰਬੀਹਾ): ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਅੱਜ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਨਹਿਰੀ ਪਾਣੀ ਦੇ 83.64 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਸ੍ਰੀ ਗੋਇਲ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਲਗਭਗ 316 ਕਿਲੋਮੀਟਰ ਲੰਬੇ ਖਾਲਿਆਂ ਅਤੇ ਪਾਈਪਲਾਈਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ 56 ਪਿੰਡਾਂ ਦੀਆਂ ਖੇਤੀਯੋਗ ਜ਼ਮੀਨਾਂ ਨੂੰ ਸਿੱਧਾ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸ ਨਾਲ 22 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ।

