inspector-duty lists: ਮਾਨਸਾ ’ਚ ਇੰਸਪੈਕਟਰਾਂ ਦੀਆਂ ਸੂਚੀਆਂ ਜਾਰੀ ਨਾ ਹੋਈਆਂ
ਝੋਨੇ ਦੀ ਸਰਕਾਰੀ ਖ਼ਰੀਦ ਅੱਜ ਤੋਂ; ਪ੍ਰਾਈਵੇਟ ਵਪਾਰੀਆਂ ਵੱਲੋਂ ਜਾਰੀ ਹੈ ਖ਼ਰੀਦ
ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਸੂਬੇ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਜ਼ੋਰ-ਸ਼ੋਰ ਨਾਲ ਐਲਾਨ ਕੀਤਾ ਗਿਆ ਹੈ, ਪਰ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸ਼ਾਮ ਤੱਕ ਖ਼ਰੀਦ ਇੰਸਪੈਕਟਰਾਂ ਦੀਆਂ ਡਿਊਟੀਆਂ ਲੱਗਣ ਵਾਲੀਆਂ ਸੂਚੀਆਂ ਪੰਜਾਬ ਮੰਡੀ ਬੋਰਡ ਸਮੇਤ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਨਾ ਪੁੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਲਵਾ ਖੇਤਰ ਵਿੱਚ ਬਾਸਮਤੀ ਦੀ ਖ਼ਰੀਦ ਬਹੁਤ ਸਾਰੇ ਦਿਨਾਂ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਾਈਵੇਟ ਤੌਰ ’ਤੇ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਪਰ ਝੋਨੇ ਨੂੰ ਖ਼ਰੀਦਣ ਦਾ ਕਾਰਜ ਪੰਜਾਬ ਸਰਕਾਰ ਵੱਲੋਂ ਭਲਕੇ ਸ਼ੁਰੂ ਕੀਤਾ ਜਾ ਰਿਹਾ ਹੈ। ਝੋਨੇ ਦੀ ਖ਼ਰੀਦ ਲਈ ਅਨਾਜ ਮੰਡੀਆਂ ਵਿੱਚ ਖ਼ਰੀਦ ਇੰਸਪੈਕਟਰਾਂ ਵੱਲੋਂ ਬੋਲੀ ਸ਼ੁਰੂ ਕਰਵਾਈ ਜਾਣ ਹੁੰਦੀ ਹੈ, ਪਰ ਜਦੋਂ ਇਨ੍ਹਾਂ ਦੀਆਂ ਡਿਊਟੀ ਸੂਚੀਆਂ ਹੀ ਅੱਜ ਜਾਰੀ ਨਹੀਂ ਹੋਈਆਂ ਤਾਂ ਇਹ ਪਹਿਲੀ ਅਕਤੂਬਰ ਨੂੰ ਕਿਵੇਂ ਜਾ ਕੇ ਬੋਲੀ ਸ਼ੁਰੂ ਕਰਵਾ ਸਕਣਗੇ?
ਇਨ੍ਹਾਂ ਡਿਊਟੀਆਂ ਦੀ ਲਿਸਟ ਜਾਰੀ ਨਾ ਹੋਣ ਸਬੰਧੀ ਇੱਕ ਅਧਿਕਾਰੀ ਨੇ ਕਿਹਾ ਕਿ ਮਾਲਵਾ ਖੇਤਰ ਦੇ ਝੋਨੇ ਦੀ ਖ਼ਰੀਦ ਅਕਸਰ 10 ਅਕਤੂਬਰ ਤੱਕ ਸ਼ੁਰੂ ਹੋਣੀ ਹੁੰਦੀ ਹੈ, ਜਿਸ ਕਰਕੇ ਇਹ ਸੂਚੀਆਂ ਬੇਸ਼ੱਕ ਬਣਾ ਲਈਆਂ ਗਈਆਂ ਹਨ, ਪਰ ਛੇਤੀ ਹੀ ਇਨ੍ਹਾਂ ਨੂੰ ਨਸ਼ਰ ਕਰ ਦਿੱਤਾ ਜਾਵੇਗਾ।
ਦਿਲਚਸਪ ਗੱਲ ਹੈ ਕਿ ਅੱਜਕੱਲ੍ਹ ਕਿਸਾਨ ਜਥੇਬੰਦੀਆਂ ਦੇ ਸਰਗਰਮ ਹੋਣ ਕਰਕੇ ਇਨ੍ਹਾਂ ਲਿਸਟਾਂ ਨੂੰ ਹਾਸਲ ਕਰਨ ਵਿੱਚ ਸੰਘਰਸ਼ੀ ਧਿਰਾਂ ਦੀ ਦਿਲਚਸਪ ਵੀ ਵਧੀ ਹੋਈ ਹੈ। ਅੱਜ ਦੇਰ ਸ਼ਾਮ ਤੱਕ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ ਨੇੂ ਖ਼ਰੀਦ ਕੇਂਦਰਾਂ ਅਨੁਸਾਰ ਇਹ ਸੂਚੀਆਂ ਹਾਸਲ ਕਰਨ ਲਈ ਚਾਰਾਜੋਈ ਕਰਦੇ ਰਹੇ, ਪਰ ਉਨ੍ਹਾਂ ਨੂੰ ਕਿਤੋਂ ਵੀ ਇਹ ਹਾਸਲ ਨਹੀਂ ਹੋਈਆਂ।
ਡੀ ਸੀ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਨਾਲੋਂ-ਨਾਲ ਖ਼ਰੀਦ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ। ਉਹ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਮੌਕੇ ਸੰਬੋਧਨ ਕਰ ਰਹੇ ਸਨ।
ਇਸੇ ਦੌਰਾਨ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਕਿਹਾ ਕਿ ਅਨਾਜ ਮੰਡੀਆਂ ਦੀ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਬਾਕਾਇਦਾ ਸਫ਼ਾਈ ਕਰਵਾ ਦਿੱਤੀ ਗਈ ਹੈ।

