ਨਿਰੰਜਣ ਸਿੰਘ ਬੋਹਾ
ਬੋਹਾ, 3 ਜੂਨ
ਪਿੰਡ ਭਖੜਿਆਲ ’ਚ ਪੰਜਾਬ ਸਰਕਾਰ ਵੱਲੋਂ ਦਲਿਤਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਵੰਡਣ ਦੇ ਮਾਮਲੇ ’ਚ ਪੈਦਾ ਹੋਇਆ ਵਿਵਾਦ ਉਸ ਵੇਲੇ ਨਵਾਂ ਰੂਪ ਧਾਰਨ ਕਰ ਗਿਆ ਜਦੋਂ ਬਲਾਕ ਪੰਚਾਇਤ ਤੇ ਵਿਕਾਸ ਅਧਿਕਾਰੀ ਬੁਢਲਾਡਾ ਵੱਲੋਂ ਐੱਸਐੱਸਪੀ ਮਾਨਸਾ ਦੇ ਦਫਤਰ ’ਚ ਪਿੰਡ ਦੀ ਸਰਪੰਚ ਸੰਦੀਪ ਕੌਰ ਤੇ ਉਸ ਦੇ ਪਤੀ ਬਿੰਦਰ ਸਿੰਘ ਖ਼ਿਲਾਫ਼ ਦਿੱਤੀ ਦਰਖਾਸਤ ਦੇ ਆਧਾਰ ’ਤੇ ਸਰਪੰਚ ਸੰਦੀਪ ਕੌਰ ਤੇ ਉਸਦੇ ਪਤੀ ਖ਼ਿਲਾਫ਼ ਧਾਰਾ 353 ਤੇ 186 ਸਿਟੀ ਥਾਣਾ ਬੁਢਲਾਡਾ ’ਚ ਪਰਚਾ ਦਰਜ਼ ਕਰ ਲਿਆ। ਬੀਡੀਪੀਓ ਨੇ ਦਰਖਾਸਤ ’ਚ ਦੋਸ਼ ਲਾਇਆ ਹੈ ਕਿ ਸਰਪੰਚ ਸੰਦੀਪ ਕੌਰ ਤੇ ਉਸ ਦੇ ਪਤੀ ਵੱਲੋਂ ਉਨ੍ਹਾਂ ਦੇ ਦਫਤਰ ’ਚ ਆ ਕੇ ਪੰਚਾਇਤ ਸੈਕਟਰੀ ਦੀ ਤਾਇਨਾਤੀ ਦੇ ਮਾਮਲੇ ’ਤੇ ਕਾਫੀ ਵਿਵਾਦ ਕੀਤਾ।
ਉਨ੍ਹਾਂ ਦਰਖਾਸ਼ਤ ’ਚ ਕਿਹਾ ਹੈ ਕਿ ਕਰੋਨਾ ਕਾਰਨ ਪਬਲਿਕ ਡੀਲਿੰਗ ਦੀ ਮਨਾਹੀ ਕਾਰਨ ਵੀ ਸਰਪੰਚ ਨੇ ਆਪਣੇ ਕਈ ਮੈਂਬਰਾਂ ਸਣੇ ਉਨ੍ਹਾਂ ਦੇ ਦਫਤਰ ’ਚ ਦਾਖਲ ਹੋਣ ਦੀ ਜੱਦੋ-ਜਹਿਦ ਕੀਤੀ ਤੇ ਉੱਚੀ ਬੋਲ ਕੇ ਦਫ਼ਤਰ ਦਾ ਅਨੁਸ਼ਾਸਨ ਭੰਗ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਨੇ ਉਨ੍ਹਾਂ ਨੂੰ ਕਥਿਤ ਮਕੀ ਦਿੱਤੀ ਹੈ ਕਿ ਜੇ ਉਹ ਪੰਚਾਇਤੀ ਕੰਮਾਂ ਲਈ ਪਿੰਡ ਦੇ ਦੌਰੇ ’ਤੇ ਆਏ ਤਾਂ ਸਥਿਤੀ ਵਿਗੜ ਜਾਵੇਗੀ ਤੇ ਕਤਲ ਹੋ ਜਾਣਗੇ।
ਕੀ ਕਹਿੰਦੇ ਨੇ ਸਰਪੰਚ ਸਮਰਥਕ
ਸਰਪੰਚ ਤੇ ਉਸ ਦੇ ਸਮਰਥਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਤੇ ਇਸ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ। ਸਰਪੰਚ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਸਿੰਘ ਅਟਵਾਲ ਨੇ ਕਿਹਾ ਕੁਝ ਅਮੀਰ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਪਲਾਟਾਂ ਦੀ ਕੀਤੀ ਗਲਤ ਵੰਡ ਦਾ ਪੰਚਾਇਤ ਨੇ ਵਿਰੋਧ ਕੀਤਾ ਸੀ। ਇਸ ਕਾਰਨ ਸਿਆਸੀ ਕਾਰਨਾਂ ਕਰਕੇ ਸਰਪੰਚ ਤੇ ਉਸ ਦੇ ਪਤੀ ਨੂੰ ਝੂਠੇ ਮਾਮਲੇ ’ਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਸੰਦੀਪ ਕੌਰ ਇਸ ਵੇਲੇ ਗਰਭ ਅਵਸਥਾ ’ਚ ਹੈ ਤੇ ਉਸਨੂੰ ਜਾਣ ਬੁੱਝ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਪੰਚ ਤੇ ਉਸਦੇ ਪਤੀ ਖ਼ਿਲਾਫ਼ ਪਾਇਆ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਵੱਡੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।