ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣਾ ਸਮੇਂ ਦੀ ਵੱਡੀ ਲੋੜ: ਸਮਾਓਂ
ਪੱਤਰ ਪ੍ਰੇਰਕ
ਮਾਨਸਾ, 1 ਜੂਨ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਮਜ਼ਦੂਰ ਸ਼ਕਤੀ ਦੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਹਾਕਮਾਂ ਨੇ ਕਿਰਤੀ ਵਰਗ ਦੇ ਵਿਕਾਸ ਦੇ ਸਭ ਰਸਤੇ ਬੰਦ ਕਰ ਦਿੱਤੇ ਹਨ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਵਿੱਚ ਡਾ. ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਜ਼ਦੂਰ ਸ਼ਕਤੀ ਉਸਾਰੋ ਕਾਨਫਰੰਸ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਾਨਫਰੰਸ ਦੀ ਪ੍ਰਧਾਨਗੀ ਮਜ਼ਦੂਰ ਆਗੂ ਸੁਖਵਿੰਦਰ ਸਿੰਘ ਬੋਹਾ,ਸਰਜਪਾਲ ਕੌਰ ਪੰਚ ਬਹਾਦਰਪੁਰ, ਜ਼ੋਰਾ ਸਿੰਘ ਰਿਉਂਦ, ਕਰਨੈਲ ਸਿੰਘ ਬੀਰੋਕੇ, ਪ੍ਰਗਾਸ ਸਿੰਘ ਨੇ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਦੀਆਂ ਤੋਂ ਸਾਧਨਹੀਣ ਰੱਖੀ ਦੇਸ਼ ਦੇ ਕਰੋੜਾਂ ਦਲਿਤਾਂ ਦੀ ਤਰੱਕੀ ਪਿੱਛੇ ਡਾ. ਅੰਬੇਡਕਰ ਦਾ ਵੱਡਾ ਬਲੀਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਲਈ ਦਲਿਤ ਸਮਾਜ ਪਾਰਟੀਬਾਜ਼ੀ ਤੋਂ ਉਪਰ ਉਠ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਨਕਲੀ ਇਨਕਲਾਬੀ ਮੁੱਖ ਮੰਤਰੀ ਭਗਵੰਤ ਮਾਨ ਕਾਰਪੋਰੇਟ ਕੰਪਨੀਆਂ ਦਾ ਦਲਾਲ ਨਿਕਲਿਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ਵਿੱਚੋਂ ਇੱਕ ਵੀ ਲਾਗੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦਲਿਤਾਂ, ਗਰੀਬਾਂ ਤੋਂ ਸੰਵਿਧਾਨਕ ਹੱਕ ਖੋਹਣ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੀ ਵਿਚਾਰਧਾਰਾ ਹੀ ਸਮੁੱਚੇ ਮੇਹਨਤਕਸ਼ ਵਰਗ ਦੀ ਮੁਕਤੀ ਦਾ ਰਸਤਾ ਹੈ। ਉਨ੍ਹਾਂ ਕਿਹਾ ਕਿ ਮਨੂਵਾਦੀ ਹਾਕਮਾਂ ਤੋਂ ਸੰਵਿਧਾਨ ਨੂੰ ਬਚਾਉਣ ਲਈ ਨੌਜਵਾਨ ਅੱਗੇ ਆਉਣ ਹੈ। ਉਨ੍ਹਾਂ ਕਿਹਾ ਕਿ ਰਾਜ਼ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ, ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੀ ਸ਼ਨਾਖਤ ਕਰਕੇ ਡੰਮੀ ਬੋਲੀਆਂ ਬੰਦ ਕਰਵਾ ਕੇ ਦਲਿਤਾਂ ਲਈ ਰਾਖਵੀਆਂ ਕਰਾਉਣ, ਮਨਰੇਗਾ ਕਾਨੂੰਨ ਤਹਿਤ 200 ਦਿਨ ਕੰਮ ਦਿਹਾੜੀ 800 ਰੁਪਏ ਲਾਗੂ ਕਰਵਾਉਣ, ਦਲਿਤਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ, ਬੁਢਾਪਾ ਪੈਨਸ਼ਨ ਉਮਰ ਹੱਦ 65 ਦੀ ਥਾਂ 55 ਸਾਲ ਕਰਾਉਣ,ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣ, ਮਜ਼ਦੂਰ ਭਲਾਈ ਬੋਰਡ ਦੇ ਲਾਭਪਾਤਰੀਆਂ ਦੀ ਸਹੂਲਤਾਂ ਦੀ ਪ੍ਰਾਪਤੀ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਪਿੰਡ-ਪਿੰਡ ਮਜ਼ਦੂਰ ਸ਼ਕਤੀ ਉਸਾਰਨ ਲਈ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਬੋਹਾ, ਹਰਪਾਲ ਸਿੰਘ ਬਰੇਟਾ, ਗੁਰਤੇਜ ਸਿੰਘ ਬਰੇਟਾ ਨੇ ਵੀ ਸੰਬੋਧਨ ਕੀਤਾ।