ਇਮੀਗ੍ਰੇਸ਼ਨ ਏਜੰਟ ਤੇ ਏਐੱਸਆਈ ਨੇ ਮਾਲ ਵਿਭਾਗ ਸੁਪਰਡੈਂਟ ਨਾਲ 12 ਲੱਖ ਦੀ ਠੱਗੀ ਮਾਰੀ

ਐਡਵਾਂਸ ਆਈਲੈੱਟਸ ਇੰਸਟੀਚਿਊਟ ਦੇ ਮੁਹਾਲੀ, ਮੋਗਾ ਤੇ ਹੋਰ ਥਾਵਾਂ ਵਿਚਲੇ ਸੈਂਟਰ ਸੀਲ

ਇਮੀਗ੍ਰੇਸ਼ਨ ਏਜੰਟ ਤੇ ਏਐੱਸਆਈ ਨੇ ਮਾਲ ਵਿਭਾਗ ਸੁਪਰਡੈਂਟ ਨਾਲ 12 ਲੱਖ ਦੀ ਠੱਗੀ ਮਾਰੀ

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਸਤੰਬਰ

ਇਥੇ ਏਐੱਸਆਈ ਦੀ ਕਥਿਤ ਮਿਲੀ ਭੁਗਤ ਨਾਲ ਇਮੀਗ੍ਰੇਸ਼ਨ ਏਜੰਟ ਨੇ ਡੀਸੀ ਦਫ਼ਤਰ ਵਿੱਚ ਤਾਇਨਾਤ ਮਾਲ ਸੁਪਰਡੈਂਟ ਨਾਲ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀਸੀ ਸੰਦੀਪ ਹੰਸ ਨੇ ਇਮੀਗਰੇਸ਼ਨ ਸੰਚਾਲਕਾ ਦਾ ਲਾਇਸੈਂਸ ਰੱਦ ਕਰਕੇ ਮੋਗਾ, ਮੁਹਾਲੀ ਤੇ ਹੋਰਾਂ ਥਾਵਾਂ ਉੱਤੇ ਸੈਂਟਰ ਸੀਲ ਕਰ ਦਿੱਤੇ ਗਏ ਹਨ। ਇਥੇ ਤਹਿਸੀਲਦਾਰ ਭੂਪਿੰਦਰ ਸਿੰਘ ਤੇ ਨਾਇਸ ਤਹਿਸੀਲਦਾਰ ਦੀਪਕ ਸ਼ਰਮਾ ਦੀ ਅਗਵਾਈ ਹੇਠ ਮਾਲ ਵਿਭਾਗ ਦੀ ਟੀਮ ਨੇ ਮੁਟਿਆਰ ਦਾ ਇਮੀਗਰੇਸ਼ਨ ਸੈਂਟਰ ਸੀਲ ਕਰ ਦਿੱਤਾ ਹੈ। ਡੀਸੀ ਹੁਕਮ ਮੁਤਾਬਕ ਸੁਪਰਡੈਂਟ ਜਸਕਰਨ ਸਿੰਘ ਨੇ ਆਪਣੇ ਲੜਕੇ ਜਗਨਦੀਪ ਸਿੰਘ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ ਭੇਜਣ ਵਾਸਤੇ ਚੱਕੀਵਾਲੀ ਗਲੀ ਸਥਿਤ ਐਂਡਵਾਂਸ ਆਈਲੈੱਟਸ ਇੰਸਟੀਚਿਊਟ ਸੰਚਾਲਕ ਕਿਰਨਦੀਪ ਕੌਰ ਅਤੇ ਕਥਿਤ ਭਾਈਵਾਲ ਏਐੱਸਆਈ ਜਸਵਿੰਦਰ ਸਿੰਘ ਰਾਹੀਂ ਕਰੀਬ ਪੌਣੇ 2 ਸਾਲ ਪਹਿਲਾਂ ਗੱਲਬਾਤ ਕੀਤੀ ਸੀ। ਸੁਪਰਡੈਂਟ ਨੇ 8 ਲੱਖ ਰੁਪਏ ਜੀਪੀਫੰਡ ਤੇ 4 ਲੱਖ ਰੁਪਏ ਦਾ ਟਰੈਕਟਰ ਵੇਚਕੇ 12 ਲੱਖ ਰੁਪਏ ਏਜੰਟ ਵੱਲੋਂ ਦਿੱਤੇ ਗਏ ਬੈਂਕ ਖਾਤੇ ਵਿੱਚ ਜਮਾਂ ਕਰਵਾ ਦਿੱਤੇ ਗਏ। ਇਸ ਦੌਰਾਨ ਸੁਪਰਡੈਂਟ ਨੂੰ ਕੈਂਸਰ ਨੇ ਲਪੇਟ ’ਚ ਲੈ ਲਿਆ ਅਤੇ ਉਹ ਡੀਐੱਮਸੀ ਲੁਧਿਆਣਾ ਤੇ ਪੀਜੀਆਈ ਦਾਖਲ ਰਿਹਾ। ਏਜੰਟ ਤੇ ਏਐੱਸਆਈ ਉਸ ਦੇ ਲੜਕੇ ਜਗਨਦੀਪ ਸਿੰਘ ਨੂੰ ਪ੍ਰੋਸੈੱਸ ਦਾ ਬਹਾਨਾ ਬਣਾਕੇ ਟਾਲ ਮਟੋਲ ਕਰਦੇ ਰਹੇ। ਉਹ ਠੀਕ ਹੋਣ ਉੱਤੇ ਵੀਜ਼ਾ ਬਾਰੇ ਪੁੱਛ ਪੜਤਾਲ ਸ਼ੁਰੂ ਕੀਤੀ ਤਾਂ ਸ਼ੱਕ ਹੋਇਆ ਕਿ ਉਸ ਨਾਲ ਠੱਗੀ ਵੱਜ ਗਈ ਹੈ। ਡੀਸੀ ਨੇ ਇਮੀਗਰੇਸ਼ਨ ਸੰਚਾਲਕ ਨੂੰ ਪੱਖ ਪੇਸ਼ ਕਰਨ ਲਈ 7 ਦਿਨ ਦਾ ਨੋਟਿਸ ਜਾਰੀ ਕੀਤਾ ਪਰ ਨੋਟਿਸ ਦਾ ਕੋਈ ਜਵਾਬ ਨਾ ਆਉਣ ਉੱਤੇ ਲਾਇਸੈਂਸ ਰੱਦ ਕਰਕੇ ਮੋਗਾ ਸਥਿਤ ਦਫ਼ਤਰ ਸੀਲ ਕਰ ਦਿੱਤਾ ਅਤੇ ਮੁਹਾਲੀ ਤੇ ਹੋਰ ਥਾਵਾਂ ਉੱਤੇ ਬਰਾਂਚਾਂ ਨੂੰ ਸੀਲ ਕਰਨ ਲਈ ਸਬੰਧਤ ਜ਼ਿਲ੍ਹਿਆ ਦੇ ਡੀਸੀਜ਼ ਨੂੰ ਲਿਖਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸੁਪਰਡੈਂਟ ਤੋਂ ਇਲਾਵਾ ਇਮੀਗਰੇਸ਼ਨ ਸੰਚਾਲਕ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਦੇਣ ਦੀ ਸ਼ਿਕਾਇਤ ਐੱਸਐੱਸਪੀ ਨੂੰ ਕਾਰਵਾਈ ਲਈ ਭੇਜ ਦਿੱਤੀ ਹੈ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All