Illegally Cutting Trees: ਵਾਟਰ ਵਰਕਸ ਵਿੱਚੋਂ ਸਫੈਦੇ ਦੇ ਦਰੱਖ਼ਤ ਪੁੱਟੇ
ਪੰਚਾਇਤ ’ਤੇ ਬਿਨਾਂ ਮਨਜ਼ੂਰੀ ਦੇ ਦਰੱਖਤ ਪੁਟਵਾਉਣ ਦਾ ਦੋਸ਼
ਪਿੰਡ ਹਾਕੂਵਾਲਾ ਵਿੱਚ ਵਾਟਰ ਵਰਕਸ ਦੀ ਚਾਰਦੀਵਾਰੀ ਵਿਚੋਂ ਅੱਜ ਬਿਨਾਂ ਕਥਿਤ ਮਨਜ਼ੂਰੀ ਦੇ ਸਫੈਦੇ ਦੇ ਕਈ ਹਰੇ-ਭਰੇ ਦਰਖਤ ਪੁੱਟ ਲਏ ਗਏ। ਥਾਣਾ ਕਿੱਲਿਆਂਵਾਲੀ (ਆਰਜ਼ੀ) ਵਿੱਚ ‘ਆਪ’ ਦੀ ਮਹਿਲਾ ਸਰਪੰਚ ਅਤੇ ਉਸ ਦੇ ਪਤੀ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਮਾਮਲਾ ਮਘਣ ’ਤੇ ਦਰਖ਼ਤ ਦੋ ਟਰਾਲੀਆਂ ਵਿੱਚ ਮਲੋਟ ਵੱਲ ਭੇਜ ਦਿੱਤੇ ਗਏ। ਸੂਤਰਾਂ ਅਨੁਸਾਰ ਦਰਖ਼ਤਾਂ ਦੀ ਵਿਕਰੀ ਹਾਕੂਵਾਲਾ ਦੇ ਲੱਕੜ ਦੇ ਦਲਾਲ ਜ਼ਰੀਏ ਸਾਢੇ ਛੇ ਸੌ ਰੁਪਏ ਪ੍ਰਤੀ ਕੁਇੰਟਲ ਵਿਚ ਸੌਦਾ ਹੋਇਆ ਹੈ।
ਇਸ ਦੌਰਾਨ ਸ਼ਿਕਾਇਤਕਰਤਾ ਬਚਿੱਤਰ ਸਿੰਘ ਹਾਕੂਵਾਲਾ, ਜਗਤਾਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਵਾਟਰ ਵਰਕਸ ਵਿਚੋਂ ਕਾਫੀ ਗਿਣਤੀ ਸਫੈਦੇ ਦੇ ਦਰਖਤ ਬਿਨਾਂ ਮਨਜ਼ੂਰੀ ਪੁਟਵਾਏ ਗਏ ਹਨ। ਬਚਿੱਤਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਪਹਿਲਾਂ ਵੀ ਪੰਚਾਇਤੀ ਜ਼ਮੀਨ ਵਿੱਚੋਂ ਕਥਿਤ ਤੌਰ ’ਤੇ ਦਰੱਖਤ ਪੁੱਟੇ ਜਾ ਚੁੱਕੇ ਹਨ।
ਪਿੰਡ ਹਾਕੂਵਾਲਾ ਦੀ ਸਰਪੰਚ ਦੇ ਪਤੀ ਨੇ ਦੋਸ਼ ਨਕਾਰੇ
ਮਹਿਲਾ ਸਰਪੰਚ ਦੇ ਪਤੀ ਗੁਰਦੀਪ ਸਿੰਘ ਨੇ ਖੁਦ ਨੂੰ ਵਾਟਰ ਵਰਕਸ ਕਮੇਟੀ ਦਾ ਪ੍ਰਧਾਨ ਦੱਸਦੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਮਤਾ ਪਾ ਕੇ ਵਾਟਰ ਵਰਕਸ ਦੀ ਉੱਚੀ ਟੈਂਕੀ ਦੇ ਨੇੜਲੇ ਸਫੈਦਿਆਂ ਦੇ ਟਾਹਣੇ ਛਾਂਗੇ ਗਏ ਹਨ। ਉਨ੍ਹਾਂ ਵਿਚ ਹਨ੍ਹੇਰੀ ’ਚ ਇੱਕ-ਦੋ ਡਿੱਗੇ ਦਰੱਖਤ ਵੀ ਸਨ। ਵਾਟਰ ਵਰਕਸ ਦੀ ਚਾਰਦੀਵਾਰੀ ਵਿੱਚ ਕੱਲ੍ਹ ਰਾਤ ਖੜ੍ਹੀ ਟਰੈਕਟਰ-ਟਰਾਲੀ ਵਿਚ ਲੱਦੇ ਦਰੱਖਤ ਮਜ਼ਦੂਰ ਹੋਰ ਕਿਧਰੋਂ ਬਾਹਰੋਂ ਲੱਦ ਕੇ ਲਿਆਏ ਸਨ। ਉਨ੍ਹਾਂ ਪੰਚਾਇਤੀ ਜ਼ਮੀਨ ਵਿਚੋਂ ਦਰੱਖਤ ਵੱਢਣ ਦੇ ਦੋਸ਼ਾਂ ਬਾਰੇ ਕਿਹਾ ਛੇ ਮਹੀਨੇ ਪਹਿਲਾਂ ਪਹਾੜੀ ਜੰਗਲ ਵਗੈਰਾ ਸਾਫ਼ ਕਰਵਾਇਆ ਗਿਆ ਸੀ, ਕੋਈ ਦਰਖਤ ਨਹੀਂ ਕੱਟਿਆ।

