Illegal Mining: ਖ਼ਿਲਾਫ਼ ਕਿਸਾਨ ਵੱਲੋਂ ਮਰਨ ਵਰਤ ਸ਼ੁਰੂ
ਨੇੜਲੇ ਪਿੰਡਾਂ ਦੇ ਕਿਸਾਨ, ਪੰਚ ਅਤੇ ਸਰਪੰਚ ਪੀੜਤ ਕਿਸਾਨ ਦੇ ਹੱਕ ਵਿੱਚ ਆਏ; ਅਕਾਲੀ ਦਲ ਨੇ ਵੀ ਸਮਰਥਨ ਦਿੱਤਾ
ਨਜ਼ਦੀਕੀ ਪਿੰਡ ਨਾਨਕ ਨਗਰ ਚੱਕ ਭੌਰਾ ਦੇ ਕਿਸਾਨ ਭਜਨ ਸਿੰਘ ਨੇ ਨਾਜਾਇਜ਼ ਖਣਨ ਅਤੇ ਰੇਤਾ ਢੋੋਹਣ ਵਾਲੇ ਵਾਹਨਾਂ ਕਾਰਨ ਹੋ ਰਹੇ ਫ਼ਸਲਾਂ ਦੇ ਨੁਕਸਾਨ ਵਿਰੁੱਧ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਗਿਆ ਹੈ। ਇਸੇ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨ ਅਤੇ ਪੰਚਾਂ ਸਰਪੰਚਾਂ ਨੇ ਇਸ ਮੌਕੇ ਪੁੱਜ ਕੇ ਪੀੜਤ ਕਿਸਾਨ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਧਰਨੇ ਵਾਲੀ ਥਾਂ ਪਹੁੰਚੇ ਆਗੂਆਂ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਇਕਬਾਲਦੀਪ ਸਿੰਘ ਹੈਰੀ, ਚਿੱਤਬੀਰ ਸਿੰਘ ਸੰਧੂ, ਪ੍ਰਭਜੀਤ ਸਿੰਘ ਚੱਕ ਤਾਰੇਵਾਲਾ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਨਸੀਰੇਵਾਲਾ, ਗੁਰਜੀਤ ਸਿੰਘ ਖਿੰਡਾ, ਗੁਰਤੇਜ ਸਿੰਘ, ਡਾ. ਮੱਸਾ ਸਿੰਘ ਅਤੇ ਨਰਜੀਤ ਸਿੰਘ ਨੇ ਕਿਸਾਨ ਭਜਨ ਸਿੰਘ ਦੇ ਸੰਘਰਸ਼ ਨੂੰ ਜਾਇਜ਼ ਕਰਾਰ ਦਿੰਦਿਆਂ ਪ੍ਰਸ਼ਾਸਨ ਤੋਂ ਤੁਰੰਤ ਇਨਸਾਫ਼ ਦੀ ਮੰਗ ਕੀਤੀ।
ਪੀੜਤ ਕਿਸਾਨ ਦਾ ਦੋਸ਼ ਹੈ ਕਿ ਰਾਤ ਦੇ ਹਨੇਰੇ ਵਿੱਚ ਮਾਈਨਿੰਗ ਨਾਲ ਸਬੰਧਤ ਟਰੈਕਟਰ ਟਰਾਲੀਆਂ ਖੇਤਾਂ ਵਿੱਚੋਂ ਲੰਘਦੀਆਂ ਹਨ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਹਾਜ਼ਰ ਕਿਸਾਨਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਕਿਸਾਨ ਦੀ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਧਰ, ਜ਼ਿਲ੍ਹਾ ਮਾਈਨਿੰਗ ਅਧਿਕਾਰੀ ਸੰਦੀਪ ਕੁਮਾਰ ਦਾ ਕਹਿਣਾ ਸੀ ਕਿ ਵਿਭਾਗ ਰੇਤ ਦੀ ਕਾਲਾਬਾਜ਼ਾਰੀ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਜਨ ਸਿੰਘ ਦੇ ਮਾਮਲੇ ਦੀ ਉਹ ਰਿਪੋਰਟ ਮੰਗਵਾ ਰਹੇ ਹਨ।
ਮਰਨ ਵਰਤ ਤੁੜਵਾਉਣ ਆਏ ਅਧਿਕਾਰੀ ਬੇਰੰਗ ਪਰਤੇ
ਰੇਤ ਦੀ ਨਾਜਾਇਜ਼ ਨਿਕਾਸੀ ਦੀ ਰੋਕਥਾਮ ਦੀ ਮੰਗ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਪਿੰਡ ਚੱਕ ਭੋਰੇ ਦੇ ਕਿਸਾਨ ਭਜਨ ਸਿੰਘ ਦੇ ਮਰਨ ਵਰਤ ਨੂੰ ਤੁੜਵਾਉਣ ਲਈ ਹਲਕੇ ਦੇ ਐੱਸ ਡੀ ਐੱਮ ਗੁਰਵਿੰਦਰ ਸਿੰਘ ਜੌਹਲ ਅਤੇ ਡੀ ਐੱਸ ਪੀ ਸੁਖਵਿੰਦਰ ਸਿੰਘ ਬਰਾੜ ਕਿਸਾਨ ਨੂੰ ਮਨਾਉਣ ਵਿੱਚੋਂ ਅਸਫ਼ਲ ਰਹੇ। ਦੋਨੋਂ ਅਧਿਕਾਰੀਆਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਕਿਸਾਨ ਭਜਨ ਸਿੰਘ ਅਤੇ ਉਸ ਦੇ ਸਾਥੀ ਕਿਸਾਨਾਂ ਨੇ ਪ੍ਰਸ਼ਾਸਨ ਅੱਗੇ ਦੋ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿੱਚ ਨਜਾਇਜ਼ ਰੇਤ ਨਿਕਾਸੀ ਨੂੰ ਤੁਰੰਤ ਬੰਦ ਕਰਵਾਉਣਾ ਅਤੇ ਸਤਲੁਜ ਕਿਨਾਰੇ ਬਣੇ ਬੰਨ੍ਹ ਨੂੰ ਵਾਧੂ ਮਿੱਟੀ ਪਾ ਕੇ ਮਜ਼ਬੂਤ ਕਰਨਾ ਸ਼ਾਮਲ ਸੀ। ਪ੍ਰਸ਼ਾਸਨ ਦੀ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਸਹਿਮਤੀ ਨਾ ਬਣ ਸਕੀ। ਇਸ ਮੌਕੇ ਉੱਤੇ ਪੱਤਰਕਾਰਾਂ ਨੂੰ ਵੀ ਕਵਰੇਜ ਕਰਨ ਤੋਂ ਰੋਕਿਆ ਗਿਆ।

