ਪੱਤਰ ਪ੍ਰੇਰਕ
ਰੂੜੇਕੇ ਕਲਾਂ, 25 ਮਈ
ਇੱਥੇ ਬੀਤੀ ਰਾਤ ਬਾਜ਼ੀਗਰ ਬਸਤੀ ਵਿਚ ਪਤਨੀ ਦੀ ਮੌਤ ਤੋਂ ਬਾਅਦ ਪਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਰਾਮ (28) ਪੁੱਤਰ ਸ਼ਿੰਗਾਰਾ ਰਾਮ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ ਅਤੇ ਪਤਨੀ ਭੋਲੀ ਰਾਮ (28) ਵੀ ਨੇੜਲੇ ਮੰਜੇ ’ਤੇ ਹੀ ਮਰੀ ਪਾਈ ਗਈ। ਮ੍ਰਿਤਕ ਦੇ ਭਰਾ ਗੁਰਮੇਲ ਰਾਮ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਭਰਾ ਵਧੀਆ ਹੱਸ ਖੇਡ ਕੇ ਸੌਣ ਲਈ ਪਿਆ ਸੀ, ਪਰ ਜਦੋਂ ਉਨ੍ਹਾਂ ਸਵੇਰੇ ਉਠ ਕੇ ਦੇਖਿਆ ਤਾਂ ਉਸ ਦੀ ਦੇਹ ਛੱਤ ਵਾਲੀ ਕੁੰਡੀ ਨਾਲ ਲਟਕ ਰਹੀ ਸੀ ਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫਸਰ ਸੁਖਜੀਤ ਸਿੰਘ ਨੇ ਕਿਹਾ ਕਿ ਦੋਵਾਂ ਦੀ ਮੌਤ ਦੇ ਕਾਰਨਾਂ ਵਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪਤਨੀ ਦੇ ਗਲ ’ਤੇ ਰੱਸੀ ਦੇ ਨਿਸ਼ਾਨ ਨਜ਼ਰ ਆ ਰਹੇ ਸਨ ਜਿਸ ਤੋਂ ਲੱਗ ਰਿਹਾ ਹੈ ਕਿ ਪਤਨੀ ਨੂੰ ਮਾਰਨ ਉਪਰੰਤ ਪਤੀ ਵੱਲੋਂ ਆਤਮ ਹੱਤਿਆ ਕੀਤੀ ਲੱਗਦੀ ਹੈ।