ਜੋਗਿੰਦਰ ਸਿੰਘ ਮਾਨ
ਮਾਨਸਾ, 21 ਸਤੰਬਰ
ਮਾਨਸਾ ਸ਼ਹਿਰ ਦੇ ਇੱਕ ਵਿਅਕਤੀ ਫਿਬਨਜੀਤ ਸਿੰਘ ਦੇ ਮਕਾਨ ਦਾ ਪ੍ਰਾਈਵੇਟ ਬੈਂਕ ਨੇ ਕਰਜ਼ੇ ਬਦਲੇ ਕਬਜ਼ਾ ਲੈਣ ਤੋਂ ਬਾਅਦ ਅੱਜ ਸ਼ਾਮ ਘਰ ਸੀਲ ਕਰ ਦਿੱਤਾ ਹੈ। ਇਸ ਮਕਾਨ ਦੀ ਕਬਜ਼ਾ ਕਾਰਵਾਈ ਖ਼ਿਲਾਫ਼ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਲਗਾਤਾਰ ਸੰਘਰਸ਼ ਲੜਿਆ ਜਾ ਰਿਹਾ ਸੀ ਅਤੇ ਕਈ ਵਾਰ ਧਰਨੇ ਦੇ ਕੇ ਬੈਂਕ ਦੀ ਕਾਰਵਾਈ ਨੂੰ ਅਸਫ਼ਲ ਬਣਾ ਦਿੱਤਾ ਗਿਆ ਸੀ।
ਅੱਜ ਕਬਜ਼ਾ ਕਾਰਵਾਈ ਤੋਂ ਬਾਅਦ ਬੈਂਕ ਦੇ ਉੱਚ ਅਧਿਕਾਰੀਆਂ ਨੇ ਬਕਾਇਦਾ ਘਰ ਨੂੰ ਜਿੰਦਰਾ ਲਾਕੇ ਸੀਲ ਕਰ ਦਿੱਤਾ। ਉਧਰ ਇਸ ਕਬਜ਼ਾ ਕਾਰਵਾਈ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਤੇਵਰ ਤਿੱਖੇ ਹੋ ਗਏ ਹਨ ਅਤੇ ਉਨ੍ਹਾਂ ਪੀੜਤ ਵਿਅਕਤੀ ਫਿਬਨਜੀਤ ਸਿੰਘ ਨਾਲ ਰਾਬਤਾ ਕਾਇਮ ਕਰਕੇ ਉਸ ਮਕਾਨ ਦਾ ਮੁੜ ਕਬਜ਼ਾ ਦਿਵਾਉਣ ਲਈ ਬਕਾਇਦਾ ਮੀਟਿੰਗ ਬੁਲਾ ਲਈ ਹੈ। ਜਥੇਬੰਦੀ ਦੇ ਸੂਬਾਈ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸੇ ਕਿਸਾਨ ਦੀ ਜ਼ਮੀਨ ਅਤੇ ਮਜ਼ਦੂਰ ਦੇ ਘਰ ਸਮੇਤ ਕਿਸੇ ਛੋਟੇ ਕਾਰੋਬਾਰੀ ਦੇ ਦੁਕਾਨ-ਮਕਾਨ ਨੂੰ ਕਰਜ਼ੇ ਬਦਲੇ ਬਿਲਕੁਲ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਏ.ਯੂ ਬੈਂਕ ਦੇ ਰੀਜ਼ਨ ਕੁਲੈਕਸ਼ਨ ਅਧਿਕਾਰੀ ਰਾਹੁਲ ਮਹਿਤਾ ਨੇ ਦੱਸਿਆ ਕਿ ਇਸ ਮਕਾਨ ਦੇ ਮਾਲਕ ਵੱਲੋਂ ਲੰਬੇ ਸਮੇਂ ਤੋਂ ਕਿਸ਼ਤਾਂ ਨਹੀਂ ਸੀ ਭਰੀਆਂ ਜਾ ਰਹੀਆਂ, ਜਿਸ ਕਰਕੇ ਬੈਂਕ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਜਦੋਂ ਕੋਈ ਰਾਸ਼ੀ ਆਉਣ ਦੀ ਉਮੀਦ ਨਾ ਵਿਖਾਈ ਦਿੱਤੀ ਤਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਕਬਜ਼ਾ ਦੇ ਆਦੇਸ਼ ਹੋਏ, ਪਰ ਕਿਸਾਨ ਜਥੇਬੰਦੀ ਵੱਲੋਂ 9 ਵਾਰ ਵਿਰੋਧ ਕਰਨ ਤੋਂ ਬਾਅਦ ਅੱਜ ਮਕਾਨ ਦਾ ਕਬਜ਼ਾ ਲੈ ਲਿਆ ਹੈ।