
ਮਾਲਵਾ ਖੇਤਰ ਦੇ ਨੌਜਵਾਨ ਤੇ ਮੁਟਿਆਰਾਂ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਸੰਜੀਵ ਹਾਂਡਾ/ਮਾਨ
ਪੱਤਰ ਪ੍ਰੇਰਕ
ਮਾਨਸਾ, 23 ਮਾਰਚ
ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਇਕ ਨੌਜਵਾਨ ਤੇ ਤਿੰਨ ਮੁਟਿਆਰਾਂ ਨੂੰ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ, ਜਿਨ੍ਹਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਮਨੋਜ ਕੁਮਾਰ ਛਾਪਿਆਂਵਾਲੀ, ਸੁਖਦੀਪ ਕੌਰ ਅਤੇ ਬੇਅੰਤ ਕੌਰ ਬਠਿੰਡਾ ਤੇ ਨਵਜੋਤ ਕੌਰ ਬਰਨਾਲਾ ਸ਼ਾਮਲ ਹਨ। ਇਹ ਪੁਰਸਕਾਰ ਮਿਲਣ ’ਤੇ ਛਾਪਿਆਂਵਾਲੀ ਸਮੇਤ ਸਮੂਹ ਪਿੰਡਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਸਿੱਖਿਆ ਵਿਕਾਸ ਮੰਚ, ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਲਕੇ ਉਕਤ ਜ਼ਿਲ੍ਹਿਆਂ ਵਿੱਚ ਬਕਾਇਦਾ ਇਨ੍ਹਾਂ ਨੌਜਵਾਨਾਂ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਓਮ ਮੋਹਨ ਸਿੰਘ ਰੂਪਨਗਰ, ਗੁਰਜੋਤ ਸਿੰਘ ਕਲੇਰ ਮੁਹਾਲੀ ਵੀ ਨੂੰ ਯੁਵਾ ਪੁਰਸ ਕਾਰ ਨਾਲ ਸਨਮਾਨਿਆ ਗਿਆ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿਚੋਂ ਦੋ ਨੌਜਵਾਨਾਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ, ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਪੁਰਸਕਾਰ ਲਈ ਹੱਥ ਘੁੱਟ ਲਿਆ ਗਿਆ ਹੈ। ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਨਹਿਰੂ ਯੁਵਾ ਕੇਂਦਰ ਦੇ ਯੂਥ ਅਫ਼ਸਰ ਸਰਬਜੀਤ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਹੁਣ ਇਨ੍ਹਾਂ ਨੌਜਵਾਨਾਂ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਸੇ ਤਾਂ ਮੁੱਖ ਮੰਤਰੀ ਦੇ ਸਨਮਾਨ ਮਗਰੋਂ ਹੋਰ ਕਿਸੇ ਸਨਮਾਨ ਦੀ ਤੁੱਕ ਨਹੀਂ ਰਹਿ ਜਾਂਦੀ ਹੈ, ਪਰ ਜਿਸ ਖੇਤਰ ਵਿੱਚ ਨੌਜਵਾਨਾਂ ਨੇ ਪ੍ਰਾਪਤੀਆਂ ਕਰਕੇ ਇਸ ਸਨਮਾਨ ਨੂੰ ਹਾਸਲ ਕੀਤਾ ਹੋਵੇ, ਉਸ ਥਾਂ ’ਤੇ ਉਨ੍ਹਾਂ ਦਾ ਸਨਮਾਨ ਕਰਨਾ ਆਪਣੇ-ਆਪ ਵਿੱਚ ਵੱਡੀ ਗੱਲ ਹੈ। ਉਵਾ ਖੇਤਰ ਦੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀ ਨੂੰ ਵੀ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਨਮਾਨ ਹਾਸਲ ਕਰਨ ਵਾਲੇ ਮਨੋਜ ਕੁਮਾਰ ਦੇ ਘਰ ਅਤੇ ਪਿੰਡ ਛਾਪਿਆਂਵਾਲੀ ’ਚ ਵੀ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ ਕਿ ਛੋਟੀ ਉਮਰੇ ਨੌਜਵਾਨ ਨੇ ਰਾਜ ਪੱਧਰੀ ਪੁਰਸਕਾਰ ਹਾਸਲ ਹੋਇਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ