ਕਾਤਲਾਨਾ ਹਮਲੇ ਖ਼ਿਲਾਫ਼ ਹਾਈਵੇਅ ਠੱਪ : The Tribune India

ਕਾਤਲਾਨਾ ਹਮਲੇ ਖ਼ਿਲਾਫ਼ ਹਾਈਵੇਅ ਠੱਪ

ਕਾਤਲਾਨਾ ਹਮਲੇ ਖ਼ਿਲਾਫ਼ ਹਾਈਵੇਅ ਠੱਪ

ਕਾਤਲਾਨਾ ਹਮਲਿਆਂ ਖ਼ਿਲਾਫ਼ ਨੈਸ਼ਨਲ ਹਾਈਵੇਅ ਜਾਮ ਕਰਦੇ ਹੋਏ ਸੀਪੀਆਈ ਕਾਰਕੁਨ।

ਪਰਮਜੀਤ ਸਿੰਘ

ਫਾਜ਼ਿਲਕਾ, 24 ਨਵੰਬਰ

ਜ਼ਿਲ੍ਹਾ ਫਾਜ਼ਿਲਕਾ ਦੀ ਪੁਲੀਸ ਦੇ ਕੁਝ ਅਧਿਕਾਰੀਆਂ ਦੀ ਸ਼ਹਿ ’ਤੇ ਅਮਨ ਸਕੌਡਾ ਵੱਲੋਂ ਉਸ ਦੀ ਠੱਗੀ ਦਾ ਸ਼ਿਕਾਰ ਲੋਕਾਂ ’ਤੇ ਸ਼ਰ੍ਹੇਆਮ ਹਮਲੇ ਕਰਵਾਉਣ ਖ਼ਿਲਾਫ਼ ਅੱਜ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਜ਼ਿਲ੍ਹਾ ਫਾਜ਼ਿਲਕਾ ਵੱਲੋਂ ਮੰਡੀ ਲਾਧੂਕਾ ਵਿੱਚ ਨੈਸ਼ਨਲ ਹਾਈਵੇਅ ਜਾਮ ਕਰਕੇ ਪੰਜਾਬ ਦੇ ਡੀਜੀਪੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਕਾਮਰੇਡ ਹੰਸਰਾਜ ਗੋਲਡਨ, ਸੁਰਿੰਦਰ ਢੰਡੀਆਂ, ਸਰੋਜ ਛੱਪੜੀਵਾਲਾ, ਨਰਿੰਦਰ ਢਾਬਾਂ, ਕ੍ਰਿਸ਼ਨ ਧਰਮੂਵਾਲਾ ਨੇ ਕੀਤੀ। ਆਗੂਆਂ ਨੇ ਦੱਸਿਆ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖਾਸ ਰਹੇ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਤ ਅਮਨ ਕੰਬੋਜ ਉਰਫ ਅਮਨ ਸਕੌਡਾ ਵੱਲੋਂ ਸਾਬਕਾ ਡੀਜੀਪੀ ਸੈਣੀ ਨਾਲ ਸਬੰਧਾਂ ਕਾਰਨ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਹੜੱਪ ਚੁੱਕਾ ਹੈ। ਜਿਸ ਕਾਰਨ ਉਸ ਤੇ 30 ਤੋਂ 40 ਦੇ ਕਰੀਬ ਮਾਮਲੇ ਦਰਜ ਹਨ ਤੇ 2015 ਤੋਂ ਅੱਜ ਤੱਕ ਭਗੌੜਾ ਹੈ। ਜਿਨ੍ਹਾਂ ਨੌਜਵਾਨਾਂ ਨਾਲ ਵੱਜੀ ਠੱਗੀ ਦੀਆਂ ਐਫ.ਆਰ.ਆਈਜ਼ ਦਰਜ ਕਰਵਾਈਆਂ ਹਨ। ਉਨ੍ਹਾਂ ਉਪਰ ਪੁਲੀਸ ਦੀ ਮਿਲੀਭੁਗਤ ਨਾਲ ਝੂਠੇ ਪਰਚੇ ਦਰਜ ਕਰਵਾਉਂਦਾ ਹੈ ਅਤੇ ਜੋ ਵਿਰੋਧ ਕਰਦਾ ਹੈ ਉਸ ’ਤੇ ਹਮਲੇ ਕਰਵਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਅਮਨ ਸਕੌਡਾ ਦੇ ਹਮਾਇਤੀਆਂ ਵੱਲੋਂ ਇਕ ਪੀੜਤ ਨੌਜਵਾਨ ’ਤੇ ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਅੱਜ ਜਾਮ ਲਾਇਆ ਗਿਆ। ਦੱਸ ਦੇਈਏ ਕਿ 2 ਸਾਲ ਪਹਿਲਾਂ ਕਾਮਰੇਡ ਹੰਸ ਰਾਜ ਗੋਲਡਨ ਉਪਰ ਵੀ ਜਾਨਲੇਵਾ ਹਮਲਾ ਕੀਤਾ ਗਿਆ। ਮੰਡੀ ਲਾਧੂਕਾ ਦੇ ਇਲਾਕੇ ’ਚ ਅਮਨ ਸਕੌਡਾ ਦਾ ਗੁੰਡਾ ਗਿਰੋਹ ਕਈਆਂ ਉਪਰ ਕਾਤਲਾਨਾ ਹਮਲੇ ਕਰ ਚੁੱਕਿਆ ਹੈ। ਪੁਲੀਸ ਦੇ ਕੁਝ ਅਫ਼ਸਰ ਤੇ ਮੁਲਾਜ਼ਮ ਇਸ ਗੁੰਡਾ ਗਿਰੋਹ ਦੀ ਮਦਦ ਕਰ ਰਹੇ ਹਨ। ਕਈ ਵਾਰ ਪਾਰਟੀ ਦੇ ਵਫ਼ਦ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਮਿਲ ਚੁੱਕੇ ਹਨ, ਪਰ ਉਨ੍ਹਾਂ ਨੇ ਵੀ ਅਮਨ ਸਕੌਡਾ ਨੂੰ ਫੜਨ ਦਾ ਮਾਮਲਾ ਕੋਈ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਗੌੜੇ ਅਮਨ ਸਕੌਡਾ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਉਸ ਦੇ ਗੁੰਡਾ ਗਿਰੋਹ ਨੂੰ ਨੱਥ ਨਾ ਪਾਈ ਗਈ ਤਾਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਸਾਹਮਣੇ ਡੀ.ਜੀ.ਪੀ. ਅਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਧਰਨੇ ਨੂੰ ਬਲਾਕ ਅਰਨੀਵਾਲਾ ਸੀ.ਪੀ.ਆਈ ਦੇ ਸਕੱਤਰ ਡਾ. ਸਰਬਜੀਤ ਬੰਨਵਾਲਾ, ਬਲਾਕ ਗੁਰੂਹਰਸਹਾਏ ਦੇ ਸਕੱਤਰ ਕਾਮਰੇਡ ਬਲਵੰਤ ਚੌਹਾਨਾ, ਸੰਦੀਪ ਜੋਧਾ, ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਟਿਵਾਣਾ, ਮਲਕੀਤ ਲਮੋਚੜ ਨੇ ਵੀ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All