ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿੱਚ ਚੱਲ ਰਹੇ ਵਿਰਾਸਤੀ ਮੇਲੇ ਦਾ ਦੂਜਾ ਦਿਨ ਅਮਿੱਟ ਯਾਦਾਂ ਛੱਡਦਿਆਂ ਸਮਾਪਤ ਹੋ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਤੇ ਹਾਸਰਸ ਅਦਾਕਾਰ ਗੁਰਪ੍ਰੀਤ ਘੁੱਗੀ ਦੀ ਮੁੱਖ ਮਹਿਮਾਨ ਵਜੋਂ ਖਾਸ ਹਾਜ਼ਰੀ ਨੇ ਚਾਰ ਚੰਦ ਲਗਾ ਦਿੱਤੇ। ਮੇਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਸਵਾਗਤ ਨਾਲ ਹੋਈ। ਮੁੱਖ ਮਹਿਮਾਨ ਨੇ ਵਿਰਾਸਤੀ, ਵਿੱਦਿਅਕ ਅਤੇ ਕਲਾ ਨਾਲ ਸਬੰਧਤ ਪ੍ਰਦਰਸ਼ਨੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਬੱਚਿਆਂ ਵੱਲੋਂ ਤਿਆਰ ਵਿੱਦਿਅਕ ਮਾਡਲ ਦੇਖੇ। ਵਿਦਿਆਰਥੀਆਂ ਵੱਲੋਂ ਪਾਏ ਗਿੱਧੇ, ਭੰਗੜੇ, ਕਵਿਤਾ ਪਾਠ ਅਤੇ ਲੋਕ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਕਵਿਤਾ, ਲੋਕ ਗੀਤ, ਭਾਸ਼ਣ, ਕਿੱਕਲੀ, ਬੋਲੀਆਂ ਅਤੇ ਟੱਪਿਆਂ ਦੇ ਮੁਕਾਬਲੇ ਕਰਵਾਏ ਗਏ। ਬਲਜਿੰਦਰ ਸਿੰਘ ‘ਪੰਜਾਬ ਦਾ ਗੱਭਰੂ’ ਅਤੇ ‘ਪੰਜਾਬ ਦੀ ਮੁਟਿਆਰ’ ਪ੍ਰਭਨੂਰ ਕੌਰ ਚੁਣੀ ਗਈ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ, ਚੇਅਰਮੈਨ ਏਕਮਜੀਤ ਸਿੰਘ ਸੋਹਲ ਅਤੇ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ।
ਇਸ ਮੇਲੇ ਵਿੱਚ ਲਗਪਗ ਦਸ ਹਜ਼ਾਰ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ। ਮੇਲੇ ਵਿੱਚ ਪਹੁੰਚੇ ਵਿਦਿਆਰਥੀਆਂ ਅਤੇ ਅਜ਼ੀਮ ਸ਼ਖਸ਼ੀਅਤਾਂ ਨੇ ਆਰਗੈਨਿਕ ਤੇ ਵਿਰਾਸਤੀ ਭੋਜਨਾਂ ਦਾ ਆਨੰਦ ਮਾਣਿਆ। ਸਮਾਗਮ ਦੀ ਮੱਖ ਸਟੇਜ ਦਾ ਸੰਚਾਲਨ ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਨੇ ਕੀਤਾ। ਅਖੀਰ ’ਚ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

