ਇੱਥੇ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਮਾਨਸਾ ਸ਼ਹਿਰ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਇੱਕ ਵਾਰ ਮੁੜ ਵਧ ਗਈਆਂ ਹਨ। ਬੱਸ ਸਟੈਂਡ ਚੌਕ, ਮੁੱਖ ਬਾਜ਼ਾਰਾਂ ਅਤੇ ਪੁਰਾਣੀ ਗਊਸ਼ਾਲਾ ਰੋਡ ’ਤੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਮੀਂਹ ਖੜ੍ਹੇ ਪਾਣੀ ਕਾਰਨ ਲੰਘਣ ਟੱਪਣ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਪਾਣੀ ਖੜ੍ਹਾ ਹੋਣ ਦੇ ਨਾਲ-ਨਾਲ ਕਈ ਥਾਵਾਂ ’ਤੇ ਚਿੱਕੜ ਹੋ ਗਿਆ, ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਰਾਹਗੀਰਾਂ ਨੂੰ ਵੀ ਪੁੱਟੀ ਹੋਈ ਸੜਕ ਤੋਂ ਲੰਘਣ ਵਿੱਚ ਦਿੱਕਤਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੁਰਾਣੀ ਗਊਸ਼ਾਲਾ ਰੋਡ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕਰੀਬ ਮਹੀਨਾ ਪਹਿਲਾਂ ਸੜਕ ਨੂੰ ਲਗਭਗ ਦੋ-ਦੋ ਫੁੱਟ ਤੱਕ ਪੁੱਟ ਦਿੱਤਾ ਗਿਆ ਸੀ। ਲੰਮੇ ਸਮੇਂ ਤੋਂ ਸੜਕ ਦਾ ਨਿਰਮਾਣ ਕਾਰਜ ਮੁਕੰਮਲ ਨਾ ਹੋਣ ਕਾਰਨ ਦੁਕਾਨਦਾਰਾਂ ਵਿੱਚ ਰੋਸ ਹੈ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭੂਸ਼ਣ ਮੱਤੀ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਸੜਕ ਦਾ ਕੰਮ ਬੁੱਧਵਾਰ ਤੱਕ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਹਾਲਾਂਕਿ ਬੀਤੀ ਰਾਤ ਹੋਈ ਬਾਰਿਸ਼ ਤੋਂ ਬਾਅਦ ਸੜਕ ’ਤੇ ਪਾਣੀ ਅਤੇ ਚਿੱਕੜ ਜਮ੍ਹਾਂ ਹੋਣ ਕਾਰਨ ਦੁਕਾਨਦਾਰਾਂ ਦੀ ਚਿੰਤਾ ਹੋਰ ਵਧ ਗਈ ਹੈ। ਦੁਕਾਨਦਾਰ ਸੱਤਪਾਲ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ। ਬਾਰਿਸ਼ ਤੋਂ ਬਾਅਦ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕਰਵਾ ਕੇ ਦੀਵਾਲੀ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਭਾਜਪਾ ਆਗੂ ਆਸ਼ੀਸ਼ ਅਗਰਵਾਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਰਾਣੀ ਗਊਸ਼ਾਲਾ ਰੋਡ ਦਾ ਕੰਮ ਪਹਿਲ ਦੇ ਆਧਾਰ ’ਤੇ ਜਲਦ ਮੁਕੰਮਲ ਕਰਵਾਇਆ ਜਾਵੇ।
ਕਿਸਾਨਾਂ ਨੇ ਮੁਆਵਜ਼ਾ ਮੰਗਿਆ
ਸਿਰਸਾ (ਪ੍ਰਭੂ ਦਿਆਲ): ਇਲਾਕੇ ਵਿੱਚ ਲੰਘੀ ਦੇਰ ਰਾਤ ਆਏ ਤੇਜ਼ ਝੱਖੜ ਨਾਲ ਨਰਮਾ, ਕਪਾਹ ਅਤੇ ਗੁਆਰੇ ਦੀਆਂ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਤੇਜ਼ ਝੱਖੜ ਕਾਰਨ ਬਿਜਲੀ ਦੇ ਖੰਬੇ ਤੇ ਕਈ ਰੁੱਖ ਵੀ ਡਿੱਗ ਗਏ ਹਨ। ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਤੇਜ਼ ਝੱਖੜ ਤੇ ਮੀਂਹ ਨਾਲ ਨਰਮਾ, ਕਪਾਹ ਤੇ ਗੁਆਰੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਜ਼ਿਆਦਾ ਨੁਕਸਾਨ ਨਾਥੂਸਰੀ ਚੌਪਟਾ ਇਲਾਕੇ ਵਿੱਚ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਆਪਣੇ ਖੇਤਾਂ ’ਚ ਗਏ ਤਾਂ ਉਨ੍ਹਾਂ ਨੂੰ ਨੁਕਸਾਨ ਦਾ ਪਤਾ ਲੱਗਿਆ। ਦੜ੍ਹਬਾ ਕਲਾਂ, ਮਾਣਕ ਦੀਵਾਨ, ਰੁਪਾਣਾ ਖੁਰਦ, ਜਮਾਲ, ਬਾਰਾਸਰੀ, ਕੁੱਤੀਆਣਾ, ਜੌੜਕੀਆਂ, ਰਾਮਪੁਰਾ ਢਿੱਲੋਂ, ਕੁਮਹਰੀਆ, ਖੇੜੀ, ਕਾਗਦਾਨਾ, ਸ਼ੱਕਰ ਮੰਡੋਰੀ, ਸ਼ਾਹਪੁਰੀਆ, ਨਾਥੂਸਰੀ ਅਤੇ ਰੂਪਵਾਸ ’ਚ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਕਿਸਾਨ ਰਘੂਬੀਰ ਸਿੰਘ, ਰਾਮਮੂਰਤੀ ਆਰੀਆ, ਭਾਲ ਸਿੰਘ ਅਤੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬਾਜਰਾ ਅਤੇ ਮੂੰਗਫਲੀ ਵਰਗੀਆਂ ਫ਼ਸਲਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।

