heavy rain: ਭਰਵੇਂ ਮੀਂਹ ਕਾਰਨ ਬਠਿੰਡਾ ਜਲਥਲ
ਇੱਥੇ ਸ਼ਹਿਰ ਵਿੱਚ ਐਤਵਾਰ ਦੁਪਹਿਰ ਸਮੇਂ ਪਏ ਭਰਵੇਂ ਮੀਂਹ ਨੇ ਨਗਰ ਨਿਗਮ ਬਠਿੰਡਾ ਦੇ ਮੀਂਹ ਦੇ ਪਾਣੀ ਦੇ ਨਿਕਾਸ ਸਬੰਧੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਭਰਵੇਂ ਮੀਂਹ ਮਗਰੋਂ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ। ਸ਼ਹਿਰ ਦੇ...
ਇੱਥੇ ਸ਼ਹਿਰ ਵਿੱਚ ਐਤਵਾਰ ਦੁਪਹਿਰ ਸਮੇਂ ਪਏ ਭਰਵੇਂ ਮੀਂਹ ਨੇ ਨਗਰ ਨਿਗਮ ਬਠਿੰਡਾ ਦੇ ਮੀਂਹ ਦੇ ਪਾਣੀ ਦੇ ਨਿਕਾਸ ਸਬੰਧੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਭਰਵੇਂ ਮੀਂਹ ਮਗਰੋਂ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ। ਸ਼ਹਿਰ ਦੇ ਮਾਲ ਰੋਡ, ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ, ਗੋਨਿਆਣਾ ਰੋਡ, ਪੋਸਟ ਆਫਿਸ ਬਾਜ਼ਾਰ, ਪਰਸ ਰਾਮ ਨਗਰ ਸਣੇ ਕਈ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ। ਸ਼ਹਿਰ ਦੀਆਂ ਸੜਕਾਂ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇੱਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਵਿੱਚ ਲੱਗਿਆ ਸਮਾਂ ਸ਼ਹਿਰ ਦੇ ਡਰੇਨੇਜ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਾ ਰਿਹਾ।
ਬਠਿੰਡਾ ਨੂੰ ਕਦੇ ਬਾਦਲ ਪਰਿਵਾਰ ਵੱਲੋਂ ‘ਕੈਲੀਫੋਰਨੀਆ’ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਅਤੇ ਕਦੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਸ਼ਹਿਰ ਨੂੰ ‘ਪੈਰਿਸ’ ਦਾ ਦਰਜਾ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ਼ ਬਠਿੰਡਾ ਨਿਗਮ ’ਤੇ ‘ਆਪ’ ਕਾਬਜ ਹੋਣ ਦੇ ਬਾਵਜੂਦ ਬਠਿੰਡਾ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਸ਼ਹਿਰ ਵਿਕਾਸ ਕਰਵਾਉਣ ਦੇ ਦਾਅਵੇ ਦੀ ਸੱਚਾਈ ਇੱਕ ਭਰਵੇਂ ਮੀਂਹ ਨੇ ਸਾਹਮਣੇ ਲਿਆ ਦਿੱਤੀ ਹੈ।
ਗ਼ੌਰਤਲਬ ਹੈ ਕਿ ਨਗਰ ਨਿਗਮ ਵੱਲੋਂ ਹਰ ਸਾਲ ਮੀਂਹ ਦੇ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ ਲਈ ਕਰੋੜਾਂ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ। ਇਸ ਦੇ ਬਾਵਜੂਦ ਸੀਵਰੇਜ ਅਤੇ ਸੜਕਾਂ ’ਤੇ ਲੱਗੀਆਂ ਜਾਲੀਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਮੀਂਹ ਵੇਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਹਿਰ ਵਾਸੀ ਡਾ. ਅਜੀਤ ਪਾਲ ਸਿੰਘ ਨੇ ਨਿਗਮ ਦੇ ਪ੍ਰਬੰਧਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਹਿਰ ਦਾ ਸੀਵਰੇਜ ਪ੍ਰਬੰਧ ਜਰਜਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਲੱਮ ਬਸਤੀਆਂ ਲਈ ਨਵੇਂ ਪ੍ਰਾਜੈਕਟ ਦੀ ਲੋੜ ਹੈ।
ਮੀਂਹ ਕਾਰਨ ਨਰਮੇ ਦੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਕਈ ਪਿੰਡਾਂ ਵਿੱਚ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਇਸ ਨੇ ਮੁਸ਼ਕਲਾਂ ਵੀ ਪੈਦਾ ਕਰ ਦਿੱਤੀਆਂ ਹਨ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਸਣੇ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਤੇਜ਼ ਹਵਾਵਾਂ ਨਾਲ ਪਏ ਮੀਂਹ ਦਾ ਅਸਰ ਪਿੰਡ ਚੋਰਮਾਰ, ਜੰਡਵਾਲਾ ਜਾਟਾਂ, ਟੱਪੀ ਅਤੇ ਕਿੰਗਰਾ ਪਿੰਡਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਪੇਂਡੂ ਖੇਤਰਾਂ ਵਿੱਚ ਹੋਇਆ ਹੈ। ਪ੍ਰਭਾਵਿਤ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਿਕਾਸੀ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਸ ਮੌਸਮ ਨੇ ਲਗਾਤਾਰ ਨਮੀ ਅਤੇ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੱਤੀ ਹੈ, ਪਰ ਪਿੰਡਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਗਲੀਆਂ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ-ਜਾਣ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਇਸ ਮੀਂਹ ਨਾਲ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪਿੰਡ ਚੋਰਮਾਰ ਖੇੜਾ ਵਿੱਚ ਲਗਪਗ 60 ਤੋਂ 70 ਫ਼ੀਸਦੀ ਨਰਮੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਿਸਾਨ ਜਗਸੀਰ ਸਿੰਘ, ਗੁਰਤੇਜ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਭਰਨ ਕਾਰਨ ਪੱਕੀ ਹੋਈ ਨਰਮੇ ਦੀ ਫ਼ਸਲ ਦੇ ਟੀਂਡੇ ਪੂਰੀ ਤਰ੍ਹਾਂ ਸੜ ਜਾਣਗੇ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਅਤੇ ਪਾਣੀ ਦੇ ਦਬਾਅ ਕਾਰਨ ਪੌਦੇ ਜ਼ਮੀਨ ’ਤੇ ਡਿੱਗ ਗਏ ਹਨ, ਜਿਸ ਨਾਲ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਸਰਵੇਖਣ ਕਰਵਾ ਕੇ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਝੋਨੇ ਦੀ ਕਾਸ਼ਤ ਕਰਨ ਵਾਲੇ ਖੇਤਰ ਵਿੱਚ ਮੀਂਹ ਪੈਣ ਨਾਲ ਲਾਭ ਹੋਇਆ ਹੈ। ਮੀਂਹ ਨੇ ਝੋਨਾ ਕਾਸ਼ਤਕਾਰਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਂਦੀ ਹੈ।

