ਮਾਲਵੇ ’ਚ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਪਰੈਲ
ਮਾਲਵੇ ਵਿੱਚ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਖੇਤਰ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਲਗਪਗ 40 ਡਿਗਰੀ ਦੇ ਨੇੜੇ ਢੁੱਕਿਆ ਹੋਇਆ ਹੈ। ਗਰਮੀ ਦੇ ਕਹਿਰ ਦਾ ਅਸਰ ਹੁਣ ਲੋਕਾਂ ਦੇ ਕੰਮਾਂ-ਕਾਰਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਅੱਜ ਮਾਨਸਾ ਦੇ ਬਾਜ਼ਾਰ ਵਿੱਚ 1 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦਾ ਆਉਣਾ-ਜਾਣਾ ਬਹੁਤ ਘੱਟ ਸੀ। ਲੋਕ ਗਰਮੀ ਤੋਂ ਬਚਣ ਲਈ ਆਪਣੇ ਘਰਾਂ ਵਿਚ ਹੀ ਰਹੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਮਾਨਸਾ ਦਾ ਵੱਧ ਤੋਂ ਵੱਧ ਤਾਪਮਾਨ 39.27 ਡਿਗਰੀ ਸੈਲਸੀਅਸ, ਬਠਿੰਡਾ ਦਾ 38.72 ਡਿਗਰੀ ਸੈਲਸੀਅਸ, ਬਰਨਾਲਾ ਦਾ ਤਾਪਮਾਨ 39.05 ਡਿਗਰੀ ਸੈਲਸੀਅਸ, ਮੋਗਾ ਦਾ ਤਾਪਮਾਨ 39. 26 ਡਿਗਰੀ ਸੈਲਸੀਅਸ, ਮੁਕਤਸਰ ਦਾ ਤਾਪਮਾਨ 39.52 ਡਿਗਰੀ ਸੈਲਸੀਅਸ ਅਤੇ ਫਾਜ਼ਿਲਕਾ ਦਾ ਤਾਪਮਾਨ 39.09 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗਰਮੀ ਨੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਅਚਾਨਕ ਵਧੀ ਗਰਮੀ ਕਾਰਨ ਔਰਤਾਂ ਅਤੇ ਛੋਟੇ ਬੱਚਿਆਂ ਦਾ ਬੁਰਾ ਹਾਲ ਹੈ। ਜ਼ਿਆਦਾਤਰ ਬੱਚੇ ਘਰਾਂ ਅੰਦਰ ਹੀ ਦੁਬਕੇ ਰਹਿਣ ਲਈ ਮਜਬੂਰ ਹਨ। ਲੋਕ ਗਰਮੀ ਤੋਂ ਬਚਣ ਲਈ ਠੰਢੀਆਂ ਵਸਤਾਂ ਦਾ ਸੇਵਨ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਭਲਕੇ ਪਹਿਲੀ ਮਈ ਨੂੰ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਚੱਲਣ, ਗਰਜ ਤੇ ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਜਿਹੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।