ਰਵਿੰਦਰ ਰਵੀ
ਬਰਨਾਲਾ, 7 ਅਗਸਤ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਬਰਨਾਲਾ ਤੋਂ ਵੀਡੀਓ ਕਾਫਰੰਸਿੰਗ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਵਿੱਚ ਕਰੋਨਾਵਾਇਰਸ ਦੀ ਸਥਿਤੀ ਬਾਰੇ ਮੀਟਿੰਗ ਕੀਤੀ। ਸਿੱਧੂ ਨੇ ਕਰੋਨਾ ਕੇਅਰ ਸੈਂਟਰਾਂ ‘ਚ ਮਰੀਜ਼ਾਂ ਲਈ ਸਾਕਾਰਾਤਮਕ ਸੰਗੀਤ ਜਾਂ ਹੋਰ ਉਤਸ਼ਾਹਵਧਾਊ ਗਤੀਵਿਧੀਆਂ ‘ਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਅੰਦਰੂਨੀ ਤੌਰ ‘ਤੇ ਮਜ਼ਬੂਤ ਰਹਿ ਕੇ ਕਰੋਨਾ ਨੂੰ ਮਾਤ ਦੇ ਸਕਣ। ਇਸ ਵੀਡੀਓ ਕਾਨਫਰੰਸ ਵਿਚ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਸਿਵਲ ਸਰਜਨ ਬਰਨਾਲਾ ਨਾਲ ਜ਼ਿਲ੍ਹੇ ਵਿੱਚ ਕਰੋਨਾ ਸਥਿਤੀ ‘ਤੇ ਵੀ ਚਰਚਾ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਵਿੱਚ 37 ਨਵੇਂ ਕੇਸ ਆਏ ਹਨ ਤੇ ਐਕਟਿਵ ਕੇਸ 284 ਹਨ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਅਤੇ ਡਾਕਟਰੀ ਅਮਲੇ ਦੀ ਘਾਟ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਿੱਧੂ ਨੇ ਤਪਾ ਵਿੱਚ ਅਮਰਜੀਤ ਸਿੰਘ ਧਾਲੀਵਾਲ ਦੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਵਜੋਂ ਅਹੁਦਾ ਸਾਂਭਣ ਦੀ ਰਸਮ ‘ਚ ਸ਼ਿਰਕਤ ਕੀਤੀ।