ਹਰਿਆਣਾ ਦਿਵਸ ‘ਕਾਲੇ ਦਿਨ’ ਵਜੋਂ ਮਨਾਇਆ
ਪਿੰਡ ਗੰਗਾ ’ਚ ਨਸ਼ਿਆਂ ਕਾਰਨ ਮੌਤਾਂ ਖਿਲਾਫ਼ ਮੁਜ਼ਾਹਰਾ; 10 ਨੁਕਾਤੀ ਮੰਗ ਪੱਤਰ ਦਿੱਤਾ; ਏ ਡੀ ਸੀ ਨੇ ਲੋਕਾਂ ਨੇ ਗੱਲਬਾਤ ਕਰਕੇ ਮਾਹੌਲ ਸ਼ਾਂਤ ਕੀਤਾ
ਹਰਿਆਣਾ ਦਿਵਸ ਦੇ ਮੌਕੇ ਅੱਜ ਪਿੰਡ ਗੰਗਾ ਵਿੱਚ ਜਸ਼ਨ ਦੀ ਬਜਾਇ ਸੋਗ ਤੇ ਰੋਹ ਦਾ ਮਾਹੌਲ ਰਿਹਾ। ਪਿੰਡ ਦੇ ਸੈਂਕੜੇ ਲੋਕਾਂ ਨੇ ਨਸ਼ੇ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਖਿਲਾਫ਼ ਹਰਿਆਣਾ ਦਿਵਸ ਨੂੰ ‘ਕਾਲੇ ਦਿਨ’ ਵਜੋਂ ਮਨਾਇਆ। ਪਿੰਡ ’ਚ ਲੰਘੇ ਦੋ ਮਹੀਨੇ ’ਚ ਓਵਰਡੋਜ਼ ਨਾਲ 6 ਨੌਜਵਾਨ ਮਰ ਚੁੱਕੇ ਹਨ ਜਦਕਿ ਪੰਜ ਸਾਲਾਂ ’ਚ ਇਹ ਅੰਕੜਾ ਲਗਪਗ 60 ਤੱਕ ਪੁੱਜ ਗਿਆ ਹੈ। ਅੱਠ ਦਿਨ ਪਹਿਲਾਂ ਅਮਿਤ ਨਾਂਅ ਦੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਤੋਂ ਪਿੰਡ ’ਚ ਰੋਸ ਹੈ।
ਅੱਜ ਸੈਂਕੜੇ ਪਿੰਡ ਵਾਸੀ ਸ਼ਹੀਦ ਭਗਤ ਸਿੰਘ ਚੌਕ ’ਤੇ ਇਕੱਠੇ ਹੋਏ ਅਤੇ ‘ਕਾਲਾ ਦਿਵਸ’ ਵਜੋਂ ਨਸ਼ਿਆਂ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਪ੍ਰਸ਼ਾਸਨ ਪਹਿਲਾਂ ਤੋਂ ਸੁਚੇਤ ਹੋਣ ਕਰਕੇ ਸਿਰਸਾ ਦੇ ਏ ਡੀ ਸੀ ਵੀਰੇਂਦਰ ਸਹਿਰਾਵਤ ਅਤੇ ਡੀ ਐੱਸ ਪੀ ਮੌਕੇ ’ਤੇ ਪੁੱਜੇ ਅਤੇ ਪਿੰਡ ਵਾਸੀਆਂ ਅਤੇ ਜਥੇਬੰਦਕ ਨੁਮਾਇੰਦਿਆਂ ਨਾਲ ਗੱਲਬਾਤ ਕਰ ਮਾਹੌਲ ਸ਼ਾਂਤ ਕੀਤਾ। ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ 10 ਸੂਤਰੀ ਮੰਗ ਪੱਤਰ ਸੌਂਪਿਆ ਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਸਾਲ ਵੀ 12 ਤੋਂ ਵੱਧ ਮੌਤਾਂ ਹੋਈਆਂ ਤਾਂ ਹਰਿਆਣਾ ਦਿਵਸ ਮੁੜ ‘ਕਾਲਾ ਦਿਵਸ’ ਵਜੋਂ ਮਨਾਇਆ ਜਾਵੇਗਾ। ਨਸ਼ਾ ਮੁਕਤੀ ਮੁਹਿੰਮ ਨਾਲ ਜੁੜੇ ਭਾਦਰ ਬਿਸ਼ਨੋਈ ਅਤੇ ਰਾਕੇਸ਼ ਪੰਚ ਨੇ ਕਿਹਾ ਕਿ ਪਿੰਡ ਗੰਗਾ ਸਮੇਤ ਪੂਰੇ ਖੇਤਰ ’ਚ ਕਥਿਤ ਸਿੰਥੈਟਿਕ ਨਸ਼ੇ, ਮੈਡੀਕਲ ਨਸ਼ਾ ਤੇ ਗੈਰਕਾਨੂੰਨੀ ਸ਼ਰਾਬ ਦਾ ਕਾਰੋਬਾਰ ਧੜੱਲੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 2019 ’ਚ ਨਸ਼ਾ ਮੁਕਤੀ ਟੀਮ ਦੇ ਰਿਕਾਰਡ ਅਨੁਸਾਰ ਦਰਜ 50-60 ਨਸ਼ਾ ਪੀੜਤਾਂ ’ਚੋਂ ਹੁਣ ਮੁਸ਼ਕਲ ਨਾਲ 20 ਹੀ ਜਿੰਦਾ ਹਨ। ਪਿੰਡ ਵਾਸੀ ਬਾਬੂ ਸਿੰਘ ਤੇ ਗੁਰਸੇਵਕ ਸਿੰਘ ਨੇ ਕਿਹਾ ਕਿ ਚਿੱਟੇ ਕਾਰਨ ਪਿੰਡ ’ਚ ਮੌਤ ਦਾ ਕਹਿਰ ਹੈ ਪਰ ਸਰਕਾਰੀ ਕਾਰਵਾਈ ਸਿਰਫ਼ ਬਿਆਨਬਾਜ਼ੀਆਂ ਤੱਕ ਸੀਮਤ ਹੈ। ਉਨ੍ਹਾਂ ਨੇ ਸਿੰਥੈਟਿਕ, ਚਿੱਟਾ ਤੇ ਮੈਡੀਕਲ ਨਸ਼ਾ ਰੋਕਣ, ਬੱਸ ਸਟੈਂਡ ਤੋਂ ਸ਼ਰਾਬ ਠੇਕਾ ਹਟਾਉਣ, ਸਰਕਾਰੀ ਖੰਡਰ ਤੇ ਝਾੜੀਆਂ ਸਾਫ ਕਰਕੇ ਸੀਸੀਟੀਵੀ ਲਾਉਣ, ਨਸ਼ਾ ਪੀੜਤਾਂ ਦੇ ਇਲਾਜ ਤੇ ਮ੍ਰਿਤਕ ਦੇ ਪਰਿਵਾਰਾਂ ਨੂੰ ਮਦਦ ਦੇਣ ਦੀ ਮੰਗ ਕੀਤੀ।
1933 ਹੈਲਪਲਾਈਨ ਦਾ ‘ਕੋਰਾ’ ਜਵਾਬ, ਏਡੀਸੀ ਵੀ ਹੱਕੇ-ਬੱਕੇ
ਜਦੋਂ ਏ ਡੀ ਸੀ ਵੀਰੇਂਦਰ ਸਹਿਰਾਵਤ ਨੇ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਿਆਂ ਸਬੰਧੀ ਸੂਚਨਾ 1933 ਨੰਬਰ ’ਤੇ ਦੇਣ ’ਤੇ ਤੁਰੰਤ ਕਾਰਵਾਈ ਹੋਵੇਗੀ, ਤਾਂ ਪਿੰਡ ਵਾਸੀਆਂ ਨੇ ਤੁਰੰਤ ਕਾਲ ਕਰਕੇ ਜਾਂਚ ਕੀਤੀ। ਹੈਲਪਲਾਈਨ ਕਰਮਚਾਰੀ ਨੇ ਜਵਾਬ ਦਿੱਤਾ ‘ਹਾਲੇ ਸਾਡੇ ਕੋਲ ਕੋਈ ਵਿਵਸਥਾ ਨਹੀਂ, ਕੱਲ੍ਹ ਵੇਖਾਂਗੇ।’’ ਇਹ ਸੁਣ ਕੇ ਲੋਕਾਂ ’ਚ ਰੋਸ ਫੈਲ ਗਿਆ। ਏ ਡੀ ਸੀ ਵੀ ਹੈਰਾਨ ਰਹਿ ਗਏ। ਉਨਾਂ ਮੌਕਾ ਸੰਭਾਲਦੇ ਜਾਂਚ ਦਾ ਭਰੋਸਾ ਦਿੰਦੇ ਲੋਕਾਂ ਨੂੰ ਸ਼ਾਂਤ ਕੀਤਾ।

