ਹਰਸਿਮਰਤ ਦਾ ਅਸਤੀਫ਼ਾ ਡਰਾਮਾ ਕਰਾਰ

ਹਰਸਿਮਰਤ ਦਾ ਅਸਤੀਫ਼ਾ ਡਰਾਮਾ ਕਰਾਰ

ਮਾਨਸਾ ਵਿੱਚ ਕਿਸਾਨ ਜਥੇਬੰਦੀ ਦੇ ਆਗੂ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਅੱਗੇ ਪੁਤਲਾ ਫੂਕਦੇ ਹੋਏ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 18 ਸਤੰਬਰ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਪਾਸ ਕਰਨ ਦੇ ਵਿਰੋਧ ਵਜੋਂ ਹਰਸਿਮਰਤ ਕੌਰ ਬਾਦਲ ਦਾ ਪੁਤਲਾ ਉਸ ਦੇ ਇੱਥੇ ਸਥਿਤ ਦਫ਼ਤਰ ਸਾਹਮਣੇ ਸਾੜਿਆ ਗਿਆ। ਬੁਲਾਰਿਆਂ ਦਾ ਕਹਿਣਾ ਹੈ ਕਿ ਸ੍ਰੀਮਤੀ ਬਾਦਲ ਨੇ ਅਸਤੀਫ਼ਾ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ।

ਜਥੇਬੰਦੀ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਜੇ ਬਾਦਲ ਪਰਿਵਾਰ ਕਿਸਾਨਾਂ ਨਾਲ ਹਮਦਰਦੀ ਰੱਖਦਾ ਹੋਵੇ ਤਾਂ ਇਸ ਨੂੰ ਐੱਨ.ਡੀ.ਏ ਸਰਕਾਰ ਵਿੱਚੋਂ ਬਾਹਰ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ, ਜਿੱਥੇ ਕਿਸਾਨ-ਮਜ਼ਦੂਰ ਪ੍ਰਭਾਵਤ ਹੋਣਗੇ ਅਤੇ ਨਾਲ ਹੀ ਛੋਟੇ ਦੁਕਾਨਦਾਰ, ਆੜ੍ਹਤੀਏ, ਛੋਟੇ ਮੁਲਾਜ਼ਮ, ਵਿਦਿਆਰਥੀ ਅਤੇ ਟਰੱਕ ਅਪਰੇਟਰਾਂ ਨੂੰ ਵੀ ਸੇਕ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਲਾਗੂ ਹੋਣ ਨਾਲ ਖੇਤੀ ਧੰਦਾ ਖਤਮ ਹੋ ਜਾਵੇਗਾ ਅਤੇ ਕਿਸਾਨ ਜ਼ਮੀਨਾਂ ਵੇਚਣ ਲਈ ਮਜਬੂਰ ਹੋਣਗੇ। ਇਸ ਮੌਕੇ ਮਹਿੰਦਰ ਸਿੰਘ ਭੈਣੀ ਬਾਘਾ, ਬਲਵਿੰਦਰ ਸ਼ਰਮਾ ਖਿਆਲਾ, ਰਾਜ ਅਕਲੀਆ, ਕੇਵਲ ਮਾਖਾ, ਹਰਦੇਵ ਰਾਠੀ, ਮਨਜੀਤ ਉਲਕ, ਚਾਨਣ ਸਿੰਘ ਜਟਾਣਾ ਅਤੇ ਕੁਲਵੰਤ ਸਿੰਘ ਸੱਦੇਵਾਲਾ ਵੀ ਹਾਜ਼ਰ ਸਨ।

ਇਸੇ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਲੋਕ ਸਭਾ ਵਿੱਚ ਕਿਸਾਨ-ਮਜ਼ਦੂਰ ਵਿਰੋਧੀ ਬਿੱਲ ਪਾਸ ਹੋਣ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤਾ ਅਸਤੀਫ਼ਾ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਡਰਾਮਾ ਹੈ, ਨਾ ਕਿ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਲਈ ਹੈ। ਉਹ ਨੇੜਲੇ ਪਿੰਡ ਡੇਲੂਆਣਾ ਵਿਖੇ ਕੀਤੀ ਔਰਤ ਕਰਜ਼ਾ ਮੁਕਤੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਕਾਮਰੇਡ ਸਮਾਓ ਨੇ ਕਿਹਾ ਕਿ ਭਾਜਪਾ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਮੌਕੇ ਅਕਾਲੀ ਦਲ (ਬਾਦਲ) ਨੇ ਪਹਿਲਾਂ ਖੁੱਲ੍ਹ ਕੇ ਬਿੱਲ ਦੀ ਵਕਾਲਤ ਕੀਤੀ, ਪਰ ਜਦੋ ਕਿਸਾਨਾਂ ਤੇ ਖੱਬੇ-ਪੱਖੀ ਧਿਰਾਂ ਨੇ ਸੰਘਰਸ਼ ਦਾ ਮੈਦਾਨ ਮੱਲਿਆ ਤੇ ਜ਼ਮੀਨ ਹੱਥੋਂ ਖਿਸਕਦੀ ਦੇਖ ਅੱਜ ਬੀਬੀ ਬਾਦਲ ਨੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਆਰਡੀਨੈਂਸਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਨੂੰ ਕਿਸਾਨਾਂ ਨੇ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਪਿੰਡ ਚੀਮਾ ਤੋਂ ਪਟਿਆਲਾ ਮੋਰਚੇ ਲਈ ਰਵਾਨਾ ਹੋ ਰਹੇ ਕਿਸਾਨ ਆਗੂ ਦਰਸ਼ਨ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਜੱਗੀ ਢਿੱਲੋਂ, ਕਾਲਾ ਸਿੰਘ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਨੂੰ ਕਿਸਾਨਾਂ ਦੇ ਹਿੱਤਾਂ ਦੀ ਇੰਨੀ ਚਿੰਤਾ ਸੀ ਤਾਂ ਕੇਂਦਰੀ ਕੈਬਨਿਟ ਵੱਲੋਂ ਖੇਤੀ ਬਿੱਲ ਲਿਆਉਣ ਸਮੇਂ ਅਸਤੀਫ਼ਾ ਦੇਣਾ ਚਾਹੀਦਾ ਸੀ। ਤਿੰਨ ਮਹੀਨਿਆਂ ਤੋਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਬਿੱਲਾਂ ਦਾ ਸਮਰਥਨ ਕਰਦਾ ਰਿਹਾ ਹੈ। ਹੁਣ ਜਦੋਂ ਕਿਸਾਨ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰ ਆਏ ਹਨ ਤਾਂ ਬਾਦਲ ਪਰਿਵਾਰ ਨੂੰ ਵੋਟ ਬੈਂਕ ਕਰਕੇ ਖੇਤੀ ਬਿੱਲਾਂ ਦਾ ਵਿਰੋਧ ਯਾਦ ਆਇਆ ਹੈ। ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ’ਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ। ਕਿਉਂਕਿ ਪਾਰਟੀਆਂ ਦੇ ਲੀਡਰ ਆਪਸ ’ਚ ਰਲੇ ਹੋਏ ਹਨ। ਕਿਸਾਨ ਜਥੇਬੰਦੀਆਂ ’ਤੇ ਕਿਸਾਨਾਂ ਨੂੰ ਭਰੋਸਾ ਹੈ ਜੋ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਉਹ ਸੜਕਾਂ ਅਤੇ ਰੇਲ ਮਾਰਗ ਕਰਨ ਦੇ ਨਾਲ ਨਾਲ ਹਰ ਵਾਹ ਲਾਉਣਗੇ।

ਚਾਉਕੇ (ਰਮਨਦੀਪ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਪਿੰਡ ਜੇਠੂਕੇ ਦੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਕਿਸਾਨ ਆਗੂਆਂ ਨੇ ਭਾਜਪਾ ਹਕੂਮਤ ਦੇ ਇਸ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਹਕੂਮਤ ਨੇ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੇ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕੀਤਾ ਤਾਂ ਕੇਂਦਰ ਦੀ ਮੋਦੀ ਹਕੂਮਤ ਨੂੰ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਖੇਤੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਪਾਸ ਕਰਨ ਦੇ ਵਿਰੋਧ ਵਿੱਚ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ। ਉਨ੍ਹਾਂ ਕਿਹਾ ਕਿ ਬੀਕੇਯੂ ਡਕੌਂਦਾ ਦੀ ਸੂਬਾ ਕਮੇਟੀ ਵੱਲੋਂ ਪਿੰਡਾਂ ਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਸੱਦੇ ਤੇ ਅੱਜ ਪਿੰਡ ਜੇਠੂਕੇ ਵਿਖੇ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਮਹਿੰਦਰ ਸਿੰਘ, ਭਗਵਾਨ ਸਿੰਘ, ਨੌਜਵਾਨ ਰਜਿੰਦਰ ਸਿੰਘ ਪਾਲੀ, ਗਗਨਦੀਪ ਸਿੰਘ ਸਿੱਧੂ, ਬਲਜਿੰਦਰ ਸਿੰਘ ਬਿੰਦੀ, ਮਨਿੰਦਰ ਸਿੰਘ, ਦਲਜੀਤ ਸਿੰਘ ਸ਼ਨੀ, ਵਿੱਕੀ, ਰੂਬੀ, ਅਮਰੀਕ ਸਿੰਘ, ਬੰਤ ਸਿੰਘ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।

ਕਿਸਾਨਾਂ ਤੋਂ ਡਰਦਿਆਂ ਦਿੱਤਾ ਅਸਤੀਫ਼ਾ: ਵਿਧਾਇਕ ਪੰਡੋਰੀ

ਟੱਲੇਵਾਲ (ਪੱਤਰ ਪ੍ਰੇਰਕ): ‘ਕੇਂਦਰੀ ਵਜ਼ਾਰਤ ਤੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਨਹੀਂ, ਬਲਕਿ ਕਿਸਾਨਾਂ ਵਲੋਂ ਅਕਾਲੀ ਦਲ ਨੂੰ ਮਾਰੀਆਂ ਜਾ ਰਹੀਆਂ ਜੁੱਤੀਆਂ ਦੇ ਡਰੋਂ ਦਿੱਤਾ ਹੈ।’ ਇਹ ਗੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਟੱਲੇਵਾਲ ਵਿੱਚ ਆਕਸੀਮੀਟਰ ਰਾਹੀਂ ਆਕਸੀਜਨ ਚੈੱਕ ਕਰਨ ਦੀ ਸ਼ੁਰੂਆਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਪਰ ਬਾਦਲ ਪਰਿਵਾਰ ਇਸਦੀ ਹਮਾਇਤ ਕਰਦਾ ਰਿਹਾ। ਸੁਖਬੀਰ ਬਾਦਲ ਵਲੋਂ ਕੇਂਦਰੀ ਮੰਤਰੀ ਦੀ ਚਿੱਠੀ ਦਿਖਾ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ। ਲੋਕ ਹੁਣ ਇਹਨਾਂ ਦੀਆਂ ਚਾਲਾਂ ’ਚ ਨਹੀਂ ਆਉਣਗੇ।

ਸੇਵਾ ਦਲ ਕਾਂਗਰਸ ਵੱਲੋਂ ਆਰਡੀਨੈਂਸਾਂ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ

ਬਠਿੰਡਾ (ਮਨੋਜ ਸ਼ਰਮਾ): ਇੱਥੇ ਅੱਜ ਕਾਂਗਰਸ ਸੇਵਾ ਦਲ ਦੇ ਬੈਨਰ ਹੇਠ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਠਿੰਡਾ ਦੇ ਕਾਂਗਰਸ ਭਵਨ ਤੋਂ ਰੋਸ ਮਾਰਚ ਚੱਲ ਕੇ ਗੋਲ ਡਿੱਗੀ, ਮਾਲ ਰੋਡ ਹੁੰਦਿਆਂ ਹੋਇਆ ਫਾਇਰ ਬ੍ਰਿਗੇਡ ਚੌਕ ਪੁੱਜਿਆ। ਇੱਥੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਾਂਗਰਸ ਸੇਵਾ ਦਲ ਦੇ ਵਰਕਰਾਂ ਨੇ ਜ਼ਿਲ੍ਹਾ ਪੁਸ਼ਪਿੰਦਰ ਸਿੰਘ ਡਿੰਪੀ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਡਿੰਪੀ, ਬਲਾਕ ਪ੍ਰਧਾਨ ਕੁਲਵੀਰ ਸਿੰਘ, ਪਵਨਦੀਪ ਸਿੰਘ ਨੇ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਖੇਤੀ ਵਿਰੋਧੀ ਲਿਆਂਦੇ ਗਏ ਆਰਡੀਨੈਂਸਾਂ ਦਾ ਕਾਂਗਰਸ ਸੇਵਾ ਦਲ ਵਿਰੋਧ ਕਰਦਾ ਹੈ ਅਤੇ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿਚ ਖੜ੍ਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...