ਹੰਸਾ ਸਿੰਘ ਦੇ ਘਰ ਨੂੰ ਨਾ ਬੂਹਾ, ਨਾ ਬਾਰੀ
ਗੁਰਬਤ ਦੇ ਸ਼ਿਕਾਰ ਪਿੰਡ ਭੋਇੰਪੁਰ ਦੇ ਨਰੇਗਾ ਮਜ਼ਦੂਰ ਹੰਸਾ ਸਿੰਘ ਦਾ ਘਰ ਹੀ ਕੱਚਾ ਨਹੀਂ ਸਗੋਂ ਨਸੀਬ ਵੀ ਕੱਚੇ ਹਨ। ਅੱਧੀ ਸਦੀ ਪੁਰਾਣਾ ਉਸ ਦਾ ਕੱਚਾ ਇੱਕ ਕਮਰੇ ਵਾਲੇ ਘਰ ਉਸ ਦੇ ਕੱਚੇ ਨਸੀਬਾਂ ਦੀ ਗਵਾਹੀ ਭਰਦਾ ਹੈ। ਮਜ਼ਦੂਰ ਦੇ ਘਰ ਵਿੱਚ ਆਮ ਘਰਾਂ ਵਰਗਾ ਕੁਝ ਵੀ ਨਹੀਂ ਹੈ। ਕਾਨਿਆਂ ਅਤੇ ਟੀਨ ਦੀ ਛੱਤ ਹੈ। ਰਸੋਈ ਤੇ ਬਾਥਰੂਮ ਹੋਣਾ ਤਾਂ ਦੂਰ ਦੀ ਗੱਲ, ਘਰ ਬੂਹੇ ਤੇ ਬਾਰੀਆਂ ਤੋਂ ਵੀ ਸੱਖਣਾ ਹੈ। ਕਮਰੇ ਦੇ ਕੋਨੇ ’ਚ ਮਜ਼ਦੂਰ ਦੇ ਦੋ ਨਾਬਾਲਗ ਬੱਚੇ ਪੜ੍ਹਦੇ-ਲਿਖਦੇ ਅਤੇ ਸੌਂਦੇ ਹਨ। ਜਾਣਕਾਰੀ ਅਨੁਬਸਾਰ ਹੰਸਾ ਸਿੰਘ ਅਤੇ ਉਸ ਦੀ ਪਤਨੀ ਦੋਵੇਂ ਨਰੇਗਾ ਮਜ਼ਦੂਰ ਹਨ। ਮਜ਼ਦੂਰੀ ਕਰਕੇ ਸਿਰਫ਼ ਆਰਥਿਕ ਲੋੜਾਂ ਹੀ ਮਸਾਂ ਪੂਰੀਆਂ ਹੁੰਦੀਆਂ ਹਨ। ਹੰਸਾ ਸਿੰਘ ਮੁਤਾਬਕ ਇਹ ਘਰ ਉਸ ਨੂੰ ਵਿਰਾਸਤ ਵਿੱਚ ਮਿਲਿਆ ਸੀ ਤੇ ਉਸ ਵੇਲੇ ਦਾ ਜਿਉਂ ਦਾ ਤਿਉਂ ਖੜ੍ਹਾ ਹੈ। ਉਸ ਦੀ ਆਰਥਿਕਤਾ ਦਿਨ-ਬ-ਦਿਨ ਹੋਰ ਕਮਜ਼ੋਰ ਹੋ ਰਹੀ ਹੈ। ਪਿੰਡਾਂ ਵਿੱਚ ਘਰ ਬਣਾਉਣ ਲਈ ਆਉਂਦੀਆਂ ਸਰਕਾਰੀ ਸਕੀਮਾਂ ਦਾ ਉਸ ਨੂੰ ਕੋਈ ਲਾਹਾ ਨਹੀਂ ਮਿਲਿਆ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹੀਆਂ ਪ੍ਰੰਤੂ ਉਸਦੀ ਸਾਰ ਲੈਣ ਲਈ ਕੋਈ ਨਹੀਂ ਬਹੁੜਿਆ ਹੈ। ਹੁਣ ਉਸ ਦੇ ਡਿੱਗ ਰਹੇ ਕੱਚੇ ਕਮਰੇ ਨੂੰ ਥੰਮੀਆਂ ਨੇ ਸਹਾਰਾ ਦਿੱਤਾ ਹੈ। ਮਜ਼ਦੂਰ ਦੀ ਨੌਵੀਂ ਕਲਾਸ ਪੜ੍ਹਦੀ ਧੀ ਜ਼ਿਲ੍ਹਾ ਪੱਧਰੀ ਪੱਧਰ ਮੁਕਾਮ ਹਾਸਲ ਕਰ ਚੁੱਕੀ ਹੈ। ਦੋਵੇਂ ਬੱਚੇ ਲਗਪਗ ਦੋ ਕਿਲੋਮੀਟਰ ਪੈਦਲ ਅਮੀਵਾਲਾ ਸਕੂਲ ਪੜ੍ਹਨ ਜਾਂਦੇ ਹਨ।
ਪੱਕਾ ਮਕਾਨ ਲਈ ਫਾਰਮ ਭਰੇ ਹਨ: ਸਰਪੰਚ
ਪਿੰਡ ਦੇ ਸਰਪੰਚ ਕਾਰਜ ਸਿੰਘ ਮੁਤਾਬਕ ਹੁਣ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਪਰਿਵਾਰ ਦੇ ਆਨਲਾਈਨ ਫਾਰਮ ਭਰੇ ਹਨ। ਉਹ ਵੀ ਚਾਹੁੰਦੇ ਹਨ ਕਿ ਪਰਿਵਾਰ ਨੂੰ ਰਹਿਣ ਲਈ ਪੱਕਾ ਘਰ ਮਿਲ ਜਾਵੇ।
