ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਗੁਰੂ ਰਵਿਦਾਸ ਦੇ ਜੀਵਨ, ਬਾਣੀ ਅਤੇ ਫ਼ਲਸਫ਼ੇ ਨਾਲ ਸਬੰਧਤ ਅੱਠਵਾਂ ਅਕਾਦਮਿਕ ਸੈਮੀਨਾਰ ਪਿੰਡ ਬੁੱਘੀਪੁਰਾ ’ਚ ਗੁਰਦੁਆਰਾ ਬੇਗਮਪੁਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾਮੁਕਤ ਲੈਫਟੀਨੈਂਟ ਕਰਨਲ ਬਾਬੂ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਪਟਿਆਲਾ ਤੋਂ ਪੁੱਜੇ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ ਸਤਨਾਮ ਸਿੰਘ ਦੀ ਪ੍ਰਧਾਨਗੀ ਵਿੱਚ ਹੋਏ ਸੈਮੀਨਾਰ ਵਿੱਚ ਬਾਣੀ ਵਿਚਾਰ ਚੇਤਨਾ ਮੰਚ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਵਿਦਵਾਨ ਡਾ. ਗੁਰਮੀਤ ਕੱਲਰਮਾਜਰੀ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ ਪੁੱਜੇ। ਸੈਮੀਨਾਰ ਦੇ ਮੁੱਖ ਵਕਤਾ ਗੁਰੂ ਰਵਿਦਾਸ ਸਬੰਧੀ ਖੋਜਕਾਰ ਡਾ. ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਬਾਣੀਕਾਰਾਂ ਦੀ ਬਾਣੀ ਵਿੱਚ ਮਨੁੱਖਤਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। । ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਕੱਲਰਮਾਜਰੀ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਪੰਜਾਬ ਦੀਆਂ ਯਾਤਰਾਵਾਂ ਕਰ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਸਤਨਾਮ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਦੇ ਜੀਵਨ ਦੇ ਫ਼ਲਸਫ਼ੇ ਦੀ ਮਿਸਾਲ ਸਾਰੇ ਪੰਜਾਬ ਵਿਚ ਸੈਮੀਨਾਰਾਂ ਦੇ ਰੂਪ ਵਿੱਚ ਆ ਰਹੀ ਹੈ। ਡਾ. ਸੰਤੋਖ ਸਿੰਘ ਨੇ ਗੁਰੂ ਰਵਿਦਾਸ ਨਾਲ ਸਬੰਧਤ ਕਵਿਤਾ ਪੜ੍ਹੀ। ਇਸ ਵੇਲੇ ਜ਼ਿਲ੍ਹਾ ਮੋਗਾ ਵਿੱਚੋਂ 10ਵੀਂ ਜਮਾਤ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪ੍ਰਕਾਸ਼ ਪੁਰਬ ਮੌਕੇ ਦਸਤਾਵੇਜ਼ੀ ਦਿਖਾਈ
ਗੁਰੂਹਰਸਹਾਏ (ਅਸ਼ੋਕ ਸੀਕਰੀ): ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹਲਕਾ ਗੁਰੂਹਰਸਹਾਏ ਦੇ ਪਿੰਡ ਮਾੜੇ ਖੁਰਦ, ਪਿੰਡੀ ਤੇ ਵਾਸਲ ਮੋਹਨ ਕੇ ਵਿੱਚ ਐੱਲ ਈ ਡੀ ਵੈਨ ਰਾਹੀਂ ਪਿੰਡ ਦੇ ਲੋਕਾਂ ਨੂੰ ਦਸਤਾਵੇਜ਼ੀ ਫਿਲਮ ਵਿਖਾਈ ਗਈ। ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਤਹਿਤ ਵੈਨ ਉੱਤੇ ਵੱਡੀ ਐੱਲ ਈ ਡੀ ਸਕਰੀਨ ਲਾ ਕੇ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਗਈ। ਇਸ ਫਿਲਮ ਦਾ ਮੁੱਖ ਮਕਸਦ ਸ੍ਰੀ ਗੁਰੂ ਰਵਿਦਾਸ ਵੱਲੋਂ ਦਿੱਤੇ ਸਮਾਜਿਕ ਬਰਾਬਰੀ, ਸਦਭਾਵਨਾ, ਸੱਚ, ਮਿਹਨਤ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।

