Gurmeet Singh Meet Hayer: ਸਿਵਲ ਹਸਪਤਾਲ ’ਚ ਨਵੀਆਂ ਡਾਇਲੇਸਿਸ ਮਸ਼ੀਨਾਂ ਲੱਗੀਆਂ
ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਸਿਵਲ ਹਸਪਤਾਲ ਵਿੱਚ 3 ਨਵੀਆਂ ਡਾਇਲੇਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ ਕੀਤੀਆਂ। ਦੱਸਣਯੋਗ ਹੈ ਕਿ ਇਹ ਕਰੀਬ ਸਾਢੇ 22 ਲੱਖ ਦੀ ਲਾਗਤ ਵਾਲੀਆਂ ਮਸ਼ੀਨਾਂ ਐੱਮ ਪੀ ਲੈਡ ਫੰਡ ਵਿੱਚੋਂ ਦਿੱਤੀਆਂ ਗਈਆਂ ਹਨ। ਸ੍ਰੀ...
ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਸਿਵਲ ਹਸਪਤਾਲ ਵਿੱਚ 3 ਨਵੀਆਂ ਡਾਇਲੇਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ ਕੀਤੀਆਂ। ਦੱਸਣਯੋਗ ਹੈ ਕਿ ਇਹ ਕਰੀਬ ਸਾਢੇ 22 ਲੱਖ ਦੀ ਲਾਗਤ ਵਾਲੀਆਂ ਮਸ਼ੀਨਾਂ ਐੱਮ ਪੀ ਲੈਡ ਫੰਡ ਵਿੱਚੋਂ ਦਿੱਤੀਆਂ ਗਈਆਂ ਹਨ। ਸ੍ਰੀ ਹੇਅਰ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ 6 ਮਸ਼ੀਨਾਂ ਵਿੱਚੋਂ 3 ਖ਼ਰਾਬ ਹੋਣ ਕਰ ਕੇ ਮਰੀਜ਼ਾਂ ਨੂੰ ਦਿੱਕਤ ਪੇਸ਼ ਆ ਰਹੀ ਸੀ।
ਇਸ ਮੌਕੇ ਡਾਇਲੇਸਿਸ ਯੂਨਿਟ ਵਿੱਚ ਮੌਜੂਦ ਮਰੀਜ਼ ਰਜਨੀ ਬਾਲਾ (34) ਅਤੇ ਉਸ ਦੇ ਪਤੀ ਨਵਦੀਪ ਗੋਇਲ ਨੇ ਕੇਕ ਕੱਟ ਕੇ ਐੱਮ ਪੀ ਮੀਤ ਹੇਅਰ ਦਾ ਧੰਨਵਾਦ ਕੀਤਾ। ਨਵਦੀਪ ਨੇ ਕਿਹਾ ਕਿ ਉਸ ਦੀ ਪਤਨੀ ਦਾ ਕਰੀਬ 2 ਸਾਲ ਤੋਂ ਡਾਇਲੇਸਿਸ ਹੋ ਰਿਹਾ ਸੀ। ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਉਨ੍ਹਾਂ ਇਸ ਸਹੂਲਤ ਲਈ ਸ੍ਰੀ ਹੇਅਰ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਸਿਵਲ ਹਸਪਤਾਲ ਬਰਨਾਲਾ ਵਿੱਚ 16.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ (ਸੀ ਸੀ ਯੂ) ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੀ ਸੀ ਯੂ ਦੀ ਸਮਰੱਥਾ 50 ਬੈੱਡ ਹੋਵੇਗੀ। ਇਸ ਦਾ ਕੰਮ ਸਾਲ ਦੇ ਅੰਤ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਦਾ ਜਾਇਜ਼ਾ ਲਿਆ ਅਤੇ ਕੰਮ ਸਮਾਂਬੱਧ ਰੂਪ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਮੇਅਰ ਨਗਰ ਨਿਗਮ ਹਸਨਪ੍ਰੀਤ ਭਾਰਦਵਾਜ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐੱਸ ਐੱਮ ਓ ਡਾ. ਇੰਦੂ ਬਾਂਸਲ ਸਣੇ ਹੋਰ ਅਧਿਕਾਰੀ ਅਤੇ ਕੌਂਸਲਰ ਮੌਜੂਦ ਸਨ।
ਸੰਸਦ ਮੈਂਬਰ ਨੇ ਵੈਨ ਨੂੰ ਹਰੀ ਝੰਡੀ ਦਿਖਾਈ
ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਦਸਤਾਵੇਜ਼ੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਪੁੱਜੀ ਵੈਨ ਨੂੰ ਅੱਜ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਰੀ ਝੰਡੀ ਦਿਖਾ ਕੇ ਪਿੰਡਾਂ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪਿੰਡ ਕਰਮਗੜ੍ਹ ਅਤੇ ਨੰਗਲ ਵਿੱਚ ਇਹ ਦਸਤਾਵੇਜ਼ੀ ਦਿਖਾਈ ਜਾਵੇਗੀ। ਰੋਜ਼ਾਨਾ ਦੋ ਪਿੰਡਾਂ ਵਿੱਚ ਇਸ ਵੈਨ ਰਾਹੀਂ ਦਸਤਾਵੇਜ਼ੀ ਦਿਖਾਈ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਦਸਤਾਵੇਜ਼ੀ ਨੂੰ ਦੇਖਣ ਪਰਿਵਾਰਾਂ ਸਮੇਤ ਜ਼ਰੂਰ ਪੁੱਜਣ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਅਤੇ ਹੋਰ ਪਤਵੰਤੇ ਮੌਜੂਦ ਸਨ।
