ਬਰਨਾਲਾ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਦੀ ਚੋਣ ਕੋਰਟਾਂ ਦੇ ਗਲਿਆਰੇ ਘੁੰਮਦੀ ਆਖਿਰਕਾਰ ਅੱਜ ਸਰਬਸੰਮਤੀ ਦੀ ਥਾਂ ਵੋਟਿੰਗ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਸਿਰੇ ਚੜ੍ਹ ਹੀ ਗਈ। ਅੱਜ ਸਥਾਨਕ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਦੀ ਵੋਟਿੰਗ ਰਾਹੀਂ ਚੋਣ ਹੋਈ। ਜਿਸ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀ ਠੁੱਲੀਵਾਲ ਜ਼ੋਨ ਤੋਂ ਜੇਤੂ ਰਮਨਦੀਪ ਕੌਰ ਗੁੰਮਟੀ ਨੇ ਆਖ਼ਰ ਬਾਜ਼ੀ ਮਾਰ ਹੀ ਲਈ। ਅੱਜ ਹੋਈ ਵੋਟਿੰਗ ਸਮੇਂ ਰਮਨਦੀਪ ਕੌਰ ਗੁੰਮਟੀ 7 ਵੋਟਾਂ ਹਾਸਲ ਕਰ ਕੇ ਚੇਅਰਪਰਸਨ ਦੀ ਕੁਰਸੀ ਦਾ ਹੱਕ ਪ੍ਰਾਪਤ ਕਰ ਗਈ ਜਦੋਂਕਿ ‘ਆਪ’ ਦੀ ਹੀ ਦੂਜੀ ਉਮੀਦਵਾਰ ਕੁਲਦੀਪ ਕੌਰ ਮਹਿਲ ਕਲਾਂ ਜੋ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਜ਼ਦੀਕ ਦੱਸੇ ਜਾਂਦੇ ਹਨ, 5 ਵੋਟਾਂ ਲੈ ਕੇ ਪਛੜ ਗਏ। ਇਸ ਦੌਰਾਨ ਨਿਰਭੈ ਸਿੰਘ ਧੌਲਾ ਵਾਈਸ ਚੇਅਰਮੈਨ ਚੁਣੇ ਗਏ।
ਜ਼ਿਕਰਯੋਗ ਹੈ ਕਿ ਮਾਮਲੇ ਸਬੰਧੀ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਵੱਲੋਂ ਅਗਲੀ ਸੁਣਵਾਈ ਹਾਲੇ ਪੰਜ ਦਿਨ ਬਾਅਦ ਕੀਤੀ ਜਾਣੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਦੀ ਚੋਣ ਸਬੰਧੀ ਅਚਾਨਕ ਹੀ ਬੀ ਡੀ ਪੀ ਓ ਦਫ਼ਤਰ ਵਿਖੇ ਮੀਟਿੰਗ ਸੱਦੀ ਸੀ। ਬੈਲਟ ਪੇਪਰ ਰਾਹੀਂ ਚੋਣ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ। ਜ਼ਿਕਰਯੋਗ ਹੈ ਕਿ ਰਮਨਦੀਪ ਕੌਰ ਗੁੰਮਟੀ ਵੱਲੋਂ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਦੇ ਜੱਜ ਵਿਨੋਦ ਐੱਸ ਭਾਰਦਵਾਜ਼ ਅਤੇ ਦੀਪਕ ਗੁਪਤਾ ਦੇ ਬੈਂਚ ਨੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੂੰ ਨੋਟਿਸ ਆਫ਼ ਮੋਸ਼ਨ ਜਾਰੀ ਕਰਕੇ 14 ਜੁਲਾਈ 2026 ਤੱਕ ਜਵਾਬ ਮੰਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਮੀਟਿੰਗ ਸੱਦ ਕੇ ਚੋਣ ਪ੍ਰਕਿਰਿਆ ਨੇਪਰੇ ਚਾੜ੍ਹ ਦਿੱਤੀ।

