ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਜੁਲਾਈ
ਪੰਜਾਬ ’ਚ ਧਰਤੀ ਹੇਠਲਾ ਪਾਣੀ ਹੁਣ ਜ਼ਿੰਦਗੀ ਦੀ ਥਾਂ ਮੌਤ ਵੰਡਣ ਲੱਗਿਆ ਹੈ। ਮਾਲਵੇ ਇਲਾਕੇ ’ਚ ਕੈਂਸਰ ਦੇ ਪ੍ਰਕੋਪ ਦਾ ਵੱਡਾ ਕਾਰਨ ਦੂਸ਼ਿਤ ਪਾਣੀ ਹੀ ਬਣਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿੱਗਣ ਦੇ ਨਾਲ ਨਾਲ ਇਸ ਦੀ ਗੁਣਵੱਤਾ ਵੀ ਘੱਟਦੀ ਜਾ ਰਹੀ ਹੈ। ਪੰਜਾਬ ਦਾ ਪਾਣੀ ਤਾਂ ਹੁਣ ਖ਼ੇਤੀ ਕਰਨ ਦੇ ਯੋਗ ਵੀ ਨਹੀਂ ਰਿਹਾ। ਖੇਤੀਬਾੜੀ ਵਿਭਾਗ ਵਲੋਂ ਹਰ ਵਰ੍ਹੇ ਕਿਸਾਨਾਂ ਦੇ ਟਿਊਬਵੈਲਾਂ ਦੇ ਪਾਣੀ ਦੀ ਗੁਣਵੱਤਾ ਜਾਂਚੀ ਜਾਂਦੀ ਹੈ। ਜੋ ਲਗਾਤਾਰ ਘੱਟਦੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਵਰ੍ਹਿਆਂ ਵਾਂਗ ਇਸ ਵਾਰ ਵੀ ਖੇਤੀਯੋਗ ਪਾਣੀ ਦੀ ਗੁਣਵੱਤਾ ਘਟੀ ਹੈ। ਤਾਲਾਬੰਦੀ ਕਾਰਨ ਇਸ ਵਰ੍ਹੇ ਪਾਣੀ ਦੀ ਗੁਣਵੱਤਾ ਚੈੱਕ ਕਰਨ ’ਚ ਦੇਰੀ ਹੋਈ ਹੈ। ਇਸ ਕਰਕੇ ਜ਼ਿਲ੍ਹੇ ਵਿੱਚ ਇਸ ਵਰ੍ਹੇ ਵਿਭਾਗ ਵਲੋਂ ਹੁਣ ਤੱਕ 127 ਪਾਣੀ ਦੇ ਵੱਖ ਵੱਖ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਜਿਸ ਅਨੁਸਾਰ ਸਿਰਫ਼ 33 ਨਮੂਨੇ ਭਾਵ 26 ਫ਼ੀਸਦੀ ਪਾਣੀ ਦੇ ਸੈਂਪਲ ਹੀ ਖ਼ੇਤੀਯੋਗ ਸਹੀ ਪਾਏ ਗਏ ਹਨ। ਵਿਭਾਗ ਵਲੋਂ ਪਾਣੀ ਦੇ ਲੈਵਲ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਸ ਅਨੁਸਾਰ 59 ਨਮੂਨੇ ਪਹਿਲੇ ਲੈਵਲ ’ਚ ਆਏ ਹਨ। ਇਸ ਪਹਿਲੇ ਦਰਜੇ ਦਾ ਪਾਣੀ ਖ਼ੇਤੀ ਲਈ ਸਹੀ ਪਾਇਆ ਗਿਆ ਹੈ।
ਇਸ ਤੋਂ ਇਲਾਵਾ 46 ਨਮੂਨੇ (36 ਫ਼ੀਸਦੀ) ਦੂਜੇ ਦਰਜੇ ’ਚ ਅਤੇ 26 ਨਮੂਨੇ (21 ਫ਼ੀਸਦੀ) ਤੀਜੇ ਦਰਜੇ ਵਿੱਚ ਆਏ ਹਨ। ਦੂਜੇ ਅਤੇ ਤੀਜੇ ਦਰਜੇ ਦੇ ਪਾਣੀ ਨੂੰ ਵਿਭਾਗ ਵਲੋਂ ਕਿਸਾਨਾਂ ਨੂੰ ਰੂੜੀ ਖ਼ਾਦ ਅਤੇ ਜਿਪਸਮ ਮਿਲਾ ਕੇ ਵਰਤਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਣੀ ਦੇ 22 ਨਮੂਨੇ (17 ਫ਼ੀਸਦੀ) ਬਿਲਕੁਲ ਵੀ ਸਹੀ ਨਹੀਂ ਹਨ। ਭਾਵ ਇਹ ਸੈਂਪਲ ਫ਼ੇਲ੍ਹ ਸਾਬਤ ਹੋਏ ਹਨ। ਫ਼ੇਲ੍ਹ ਹੋਏ ਨਮੂਨਿਆਂ ਵਾਲਾ ਪਾਣੀ ਫ਼ਸਲਾਂ ਨੂੰ ਉਗਾਉਣ ਦੇ ਯੋਗ ਨਹੀਂ ਰਿਹਾ। ਵਿਭਾਗ ਵਲੋਂ ਵੱਖ ਵੱਖ ਡੂੰਘਾਈ ਦੇ ਟਿਊਬਵੈੱਲਾਂ ਦੇ ਪਾਣੀ ਦੀ ਜਾਂਚ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 400 ਤੋਂ 500 ਫ਼ੁੱਟ ਡੂੰਘੇ ਟਿਊਬਵੈੱਲਾਂ ਦੇ ਪਾਣੀ ਦਾ ਮਿਆਰ ਵੀ ਖੇਤੀਯੋਗ ਨਹੀਂ ਹੈ।
ਇਨ੍ਹਾਂ ਨਮੂਨਿਆਂ ਦੀ ਜਾਂਚ ਕਰਨ ਵਾਲੇ ਖੇਤੀਬਾੜੀ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ’ਤੇ ਪਾਣੀ ਦੀ ਗੁਣਵੱਤਾ ਵੱਖ-ਵੱਖ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਪਾਣੀ ਵਿੱਚ ਸੋਡੀਅਮ ਦੀ ਮਾਤਰਾ ਹੱਦ ਤੋਂ ਵੱਧ ਹੋ ਜਾਂਦੀ ਹੈ, ਉਹ ਪਾਣੀ ਵਰਤੋਂ ਯੋਗ ਨਹੀਂ ਰਹਿੰਦਾ। ਘੱਟ ਸੋਡੀਅਮ ਵਾਲੇ ਪਾਣੀ ਵਿੱਚ ਜਿਪਸਮ ਅਤੇ ਹੋਰ ਖ਼ਾਦ ਦਾ ਵਰਤੋਂ ਕਰਕੇ ਖ਼ੇਤੀਯੋਗ ਕੀਤਾ ਜਾ ਸਕਦਾ ਹੈ।