Groundwater Conservation Training: ਜਲ ਬੋਰਡ ਦੇ ਵਿਗਿਆਨੀਆਂ ਵੱਲੋਂ ਬਰਨਾਲਾ ਦਾ ਦੌਰਾ
ਭੂਮੀਗਤ ਜਲ ਸੰਭਾਲ ਅਤੇ ਪ੍ਰਬੰਧਨ ਸਬੰਧੀ ਟੀਅਰ- 3 ਸਿਖਲਾਈ ਪ੍ਰੋਗਰਾਮ
ਭੂਮੀਗਤ ਜਲ ਦੀ ਸੰਭਾਲ ਅਤੇ ਟਿਕਾਊ ਜਲ ਪ੍ਰਬੰਧਨ ਦੇ ਉਦੇਸ਼ ਨਾਲ ਇੱਕ ਟੀਅਰ-3 ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕੇਂਦਰੀ ਭੂਮੀਗਤ ਜਲ ਬੋਰ, ਉੱਤਰ-ਪੱਛਮੀ ਖੇਤਰ, ਚੰਡੀਗੜ੍ਹ ਦੇ ਵਿਗਿਆਨੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ’ਤੇ ਵਿਗਿਆਨਕ ਪਹੁੰਚ ਨਾਲ ਭੂਮੀਗਤ ਜਲ ਦੀ ਸੰਭਾਲ ਅਤੇ ਬਿਹਤਰ ਜਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਕੇਂਦਰੀ ਭੂਮੀਗਤ ਜਲ ਬੋਰਡ ਤੋਂ ਆਏ ਵਿਗਿਆਨੀਆਂ ਨੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਰਿਸ਼ੀ ਰਾਜ (ਵਿਗਿਆਨੀ-ਬੀ), ਵਿੱਦਿਆ ਸਾਗਰ (ਵਿਗਿਆਨੀ-ਬੀ) ਅਤੇ ਡਾ. ਸਵਿਤਾ ਸਿੰਘ (ਸਹਾਇਕ ਭੂ-ਭੌਤਿਕ ਵਿਗਿਆਨੀ) ਵੱਲੋਂ ਭੂਮੀਗਤ ਜਲ ਸਰੋਤਾਂ ਦੇ ਮੁਲਾਂਕਣ, ਗੁਣਵੱਤਾ ਅਤੇ ਸੰਭਾਲ ਸਬੰਧੀ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਿਖਲਾਈ ਦੌਰਾਨ ਹਾਈਡ੍ਰੋਲੋਜੀਕਲ ਪਹਿਲੂਆਂ, ਭੂ-ਭੌਤਿਕ ਤਕਨੀਕਾਂ, ਸਰਵੇਖਣ ਦੇ ਨਤੀਜਿਆਂ, ਪਾਣੀ ਦੀ ਅੰਨ੍ਹੇਵਾਹ ਵਰਤੋਂ ਦੀ ਰੋਕਥਾਮ, ਮੀਂਹ ਦੇ ਪਾਣੀ ਦੀ ਸੰਭਾਲ, ਆਰਟੀਫੀਸ਼ੀਅਲ ਰੀਚਾਰਜ ਅਤੇ ਜਲ ਪ੍ਰਬੰਧਨ ਲਈ ਅਪਣਾਈਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸਹਾਇਕਾਂ ਅਤੇ ਕਿਸਾਨਾਂ ਸਮੇਤ ਲਗਭਗ 80 ਪ੍ਰਤੀਭਾਗੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਜ਼ਿਲ੍ਹਾ ਪਰਿਸ਼ਦ ਸੁਪਰਡੈਂਟ ਅਨੁਰਾਗ ਸ਼ਰਮਾ, ਜਗਤਾਰ ਮਿੱਤਲ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

