Government Employees: ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਵੱਲੋਂ ਰੈਲੀਆਂ
ਭਗਵੰਤ ਮਾਨ ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਬਾਬੂਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕਲਮ ਛੋੜ ਹੜਤਾਲ ਕਰਦਿਆਂ ਧਰਨਾ ਲਾਇਆ ਗਿਆ। ਇਸ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਣ ਕਾਰਨ ਦਫ਼ਤਰਾਂ ਵਿੱਚ ਸੁੰਨ ਪਸਰੀ ਰਹੀ। ਮੁਲਾਜ਼ਮਾਂ ਨੇ ਪੰਜਾਬ...
ਭਗਵੰਤ ਮਾਨ ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਬਾਬੂਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕਲਮ ਛੋੜ ਹੜਤਾਲ ਕਰਦਿਆਂ ਧਰਨਾ ਲਾਇਆ ਗਿਆ। ਇਸ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਣ ਕਾਰਨ ਦਫ਼ਤਰਾਂ ਵਿੱਚ ਸੁੰਨ ਪਸਰੀ ਰਹੀ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਧੜੱਲੇ ਨਾਲ ਰੈਲੀ ਕਰਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਕੂਮਤ ਨੂੰ ਚੱਲਦਾ ਕਰਨ ਦਾ ਪ੍ਰਣ ਲਿਆ। ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੀਤੀ ਗਈ ਇਸ ਹੜਤਾਲ ਕਾਰਨ ਸਰਕਾਰੀ ਕੰਮ-ਕਾਜ ਲਈ ਪਿੰਡਾਂ ਤੋਂ ਆਏ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਬਿੱਟੂ, ਪ੍ਰਤਾਪ ਸਿੰਘ, ਸਿਕੰਦਰ ਸਿੰਘ ਘਰਾਂਗਣਾ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਇਤਿਹਾਸਕ ਸੰਘਰਸ਼ ਦੌਰਾਨ 27 ਅਗਸਤ ਸਮੂਹਿਕ ਛੁੱਟੀ ਲੈਣ ਵਾਲੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਾਪਸ ਲੈਣ ਅਤੇ ਮੁਲਾਜ਼ਮ ਆਗੂਆਂ ਦੀਆਂ ਜਬਰੀ ਕੀਤੀਆਂ ਬਦਲੀਆਂ ਰੱਦ ਕਰਨ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ, ਪਰ ਸਰਕਾਰ ਨੇ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਸਿੱਟੇ ਵਜੋਂ ਕਲੈਰੀਕਲ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿੱਚ ਕਲਮਛੋੜ ਹੜਤਾਲ ਕਰ ਕੇ ਜਿਲ੍ਹਾ ਪੱਧਰ ’ਤੇ ਧਰਨੇ ਦਿੱਤੇ ਹਨ। ਇਸ ਮੌਕੇ ਗੁਰਪ੍ਰੀਤ ਦਲੇਲਵਾਲਾ, ਨਵੀਨ ਬੋਹਾ, ਆਤਮਾ ਸਿੰਘ ਪਮਾਰ, ਗੁਰਪ੍ਰੀਤ ਕੌਰ, ਕੇਵਲ ਸਿੰਘ, ਜਗਰਾਜ ਸਿੰਘ, ਖੁਸਵਿੰਦਰ ਬਰਾੜ, ਵਰਿੰਦਰ ਬਰਾੜ, ਹਰਦੀਪ ਸਿੱਧੂ, ਕੁਲਵਿੰਦਰ ਸਿੰਘ, ਲਖਵਿੰਦਰ ਮਾਨ, ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਰਵਿੰਦਰ ਰਵੀ): ਜ਼ਿਲ੍ਹਾ ਬਰਨਾਲਾ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਦੇ ਸਾਹਮਣੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਸਾਂਝੀ ਤਾਲਮੇਲ ਕਮੇਟੀ ਦੇ ਸਾਥੀਆਂ ਨਾਲ ਮਿਲ ਕੇ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਤੇ ਜ਼ਿਲਾ ਪ੍ਰਧਾਨ ਤਰਸੇਮ ਭੱਠਲ ਨੇ ਕਿਹਾ ਕਿ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਨੂੰ ਲਾਰੇ ਲਾਉਂਦੀ ਆ ਰਹੀ ਹੈ। ਹੁਣ ਲਾਰਿਆਂ ਤੋਂ ਵੀ ਅੱਗੇ ਧਮਕੀਆਂ ਅਤੇ ਬਦਲੀਆਂ ’ਤੇ ਉਤਰ ਆਈ ਹੈ ਪਰ ਇਹ ਜਥੇਬੰਦੀਆਂ ਧਮਕੀਆਂ ਅਤੇ ਬਦਲੀਆਂ ਤੋਂ ਡਰਨ ਵਾਲੀਆਂ ਨਹੀਂ। ਜ਼ਿਲ੍ਹਾ ਜਰਨਲ ਸਕੱਤਰ ਮਨਿਸਟੀਰੀਅਲ ਰਵਿੰਦਰ ਸ਼ਰਮਾ ਅਤੇ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਹਰ ਸਮੇਂ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮਨਿਸਟੀਰੀਅਲ ਕਾਮਿਆਂ ਵੱਲੋਂ ਡੀ ਏ ਅਤੇ ਹੋਰ ਮੰਗਾਂ ਦੇ ਹੱਕ ਵਿੱਚ ਅੱਜ ਕਲਮ ਛੋੜ ਹੜਤਾਲ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਵੱਲੋਂ ਰੈਲੀ ਅਤੇ ਡੀ ਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਮਨੋਹਰ ਲਾਲ ਸ਼ਰਮਾ, ਪਰਮਜੀਤ ਸਿੰਘ, ਗੌਰਮਿੰਟ ਪੈਨਸ਼ਨ ਯੂਨੀਅਨ ਦੇ ਕਰਮਜੀਤ ਸ਼ਰਮਾ, ਪੀ ਐੱਸ ਐੱਮ ਐੱਸ ਯੂ ਦੇ ਖੁਸ਼ਕਰਨਜੀਤ ਸਿੰਘ, ਡੀ ਸੀ ਦਫ਼ਤਰ ਦੇ ਹਰਜਿੰਦਰ ਸਿੰਘ ਸਿੱਧੂ ਤੇ ਪੁਸ਼ਪਿੰਦਰ ਸਿੰਘ, ਸੁਖਵਿੰਦਰ ਸਿੰਘ ਦੋਦਾ, ਕਾਨੂੰਨਗੋ ਐਸੋਸੀਏਸ਼ਨ ਦੇ ਸੁਖਦੇਵ ਮੁਹੰਮਦ, ਪਟਵਾਰ ਯੂਨੀਅਨ ਦੇ ਹਰਜਿੰਦਰ ਸਿੰਘ, ਡਰਾਈਵਰ ਯੂਨੀਅਨ ਦੇ ਕੁਲਦੀਪ ਸਿੰਘ, ਓਂਕਾਰ ਸਿੰਘ, ਪੰਜਾਬ ਰੋਡਵੇਜ ਦੇ ਮੇਜਰ ਸਿੰਘ ਅਤੇ ਬਿਜਲੀ ਵਿਭਾਗ ਦੇ ਬਲਵੰਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਮੁਲਾਜ਼ਮ ਸ਼ਾਂਤ ਨਹੀਂ ਬੈਠਣਗੇ।
ਸਰਕਾਰ ’ਤੇ ਮੁਲਾਜ਼ਮਾਂ ਨਾਲ ਗੱਲਬਾਤ ਤੋਂ ਭੱਜਣ ਦੇ ਦੋਸ਼
ਫ਼ਰੀਦਕੋਟ (ਕਮਲਜੀਤ ਕੌਰ): ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਨੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਾਂਝੀ ਤਾਲਮੇਲ ਕਮੇਟੀ ਪੰਜਾਬ ਨਾਲ ਗੱਲਬਾਤ ਤੋਂ ਭੱਜਣ, ਕਮੇਟੀ ਦੇ ਆਗੂਆਂ ਦੀਆਂ ਬਦਲੀਆਂ ਕਰਨ ਅਤੇ ਨਾਲ ਹੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਵਿਰੁੱਧ ਅੱਜ ਡੀ ਸੀ ਦਫ਼ਤਰ ਫ਼ਰੀਦਕੋਟ ਵਿੱਚ ਮੁਜ਼ਾਹਰਾ ਕੀਤਾ। ਇਸ ਮੌਕੇ ਜਥੇਬੰਦੀਆਂ ਦੇ ਆਗੂ ਗੁਰਨਾਮ ਸਿੰਘ ਵਿਰਕ, ਬਿਕਰਮਜੀਤ ਸਿੰਘ ਢਿੱਲੋਂ, ਅਮਰੀਕ ਸਿੰਘ ਸੰਧੂ, ਜਤਿੰਦਰ ਕੁਮਾਰ, ਡੀ ਟੀ ਐੱਫ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਹਰਪ੍ਰੀਤ ਸਿੰਘ ਸਰਾਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਅਜਿਹਾ ਗ਼ੈਰ-ਲੋਕਤੰਤਰੀ ਅਤੇ ਅੜੀਅਲ ਵਤੀਰਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਅੰਦੋਲਨ ਨੂੰ ਠੱਲ੍ਹ ਪਾਉਣ ਦੀ ਬਜਾਇ ਬਲਦੀ ’ਤੇ ਹੋਰ ਤੇਲ ਪਵੇਗਾ। ਆਗੂਆਂ ਨੇ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਵੱਲੋਂ ਉਲੀਕੇ ਐਕਸ਼ਨ ਪ੍ਰੋਗਰਾਮਾਂ ਨੂੰ ਜ਼ਿਲ੍ਹਾ ਫ਼ਰੀਦਕੋਟ ਵਿੱਚ ਲਾਗੂ ਕਰਨ ਲਈ ਤਿਆਰੀਆਂ ਵਾਸਤੇ 10 ਸਤੰਬਰ ਨੂੰ ਪੈਨਸ਼ਨਰ ਭਵਨ ਫ਼ਰੀਦਕੋਟ ਵਿੱਚ ਮੀਟਿੰਗ ਰੱਖੀ ਗਈ ਹੈ। ਇਸ ਸਮੇਂ ਆਗੂਆਂ ਨੇ 12 ਸਤੰਬਰ ਨੂੰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਹੋ ਰਹੇ ਵੱਡੇ ਧਰਨੇ ਵਿੱਚ ਸਮੂਹ ਮੁਲਾਜ਼ਮਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਖੀਵਾ, ਸਿਮਰਜੀਤ ਸਿੰਘ ਬਰਾੜ, ਗਗਨ ਪਾਹਵਾ, ਵੀਰਇੰਦਰਜੀਤ ਸਿੰਘ ਪੁਰੀ, ਸੁਖਮੰਦਰ ਸਿੰਘ ਗਿੱਲ, ਨਰਿੰਦਰ ਸਿੰਘ, ਬਲਜੀਤ ਕੌਰ, ਚੰਦ ਸਿੰਘ ਡੋਡ, ਕੁਲਵੰਤ ਸਿੰਘ ਚਾਨੀ, ਕਮਲਜੀਤ ਕੌਰ, ਕ੍ਰਿਸ਼ਨ ਲਾਲ, ਬਲਕਾਰ ਸਿੰਘ ਸਹੋਤਾ, ਪ੍ਰੀਤ ਭਗਵਾਨ, ਗੁਰਮੀਤ ਕੌਰ, ਰਵੀਇੰਦਰ ਸਿੰਘ ਘਾਲੀ, ਪ੍ਰਦੀਪ ਸਿੰਘ, ਅਜਾਇਬ ਸਿੰਘ, ਗੁਰਸੇਵਕ ਸਿੰਘ ਅਤੇ ਬਖਸ਼ੀਸ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

