Ghaggar River Pollution: ਘੱਗਰ ’ਚ ਦੂਸ਼ਿਤ ਪਾਣੀ ਪਾਉਣ ਦਾ ਵਿਰੋਧ
ਏਲਨਾਬਾਦ ਦੇ ਸੀਵਰੇਜ ਦੇ ਪਾਣੀ ਨੂੰ ਬਿਨਾ ਸੋਧੇ ਘੱਗਰ ਵਿੱਚ ਪਾਉਣ ਖ਼ਿਲਾਫ਼ ਅੱਜ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਮੀਟਿੰਗ ਬੁੱਢੀਮਾੜੀ ਚੌਕ ਵਿੱਚ ਹੋਈ। ਮੀਟਿੰਗ ਵਿੱਚ ਦੂਸ਼ਿਤ ਪਾਣੀ ਨੂੰ ਘੱਗਰ ਵਿੱਚ ਪਾਉਣ ਤੋਂ ਰੋਕਣ ਲਈ ਭਵਿੱਖ ਦੀ ਰਣਨੀਤੀ ’ਤੇ ਚਰਚਾ...
ਏਲਨਾਬਾਦ ਦੇ ਸੀਵਰੇਜ ਦੇ ਪਾਣੀ ਨੂੰ ਬਿਨਾ ਸੋਧੇ ਘੱਗਰ ਵਿੱਚ ਪਾਉਣ ਖ਼ਿਲਾਫ਼ ਅੱਜ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਮੀਟਿੰਗ ਬੁੱਢੀਮਾੜੀ ਚੌਕ ਵਿੱਚ ਹੋਈ। ਮੀਟਿੰਗ ਵਿੱਚ ਦੂਸ਼ਿਤ ਪਾਣੀ ਨੂੰ ਘੱਗਰ ਵਿੱਚ ਪਾਉਣ ਤੋਂ ਰੋਕਣ ਲਈ ਭਵਿੱਖ ਦੀ ਰਣਨੀਤੀ ’ਤੇ ਚਰਚਾ ਕੀਤੀ ਗਈ। ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਏਲਨਾਬਾਦ ਸੀਵਰੇਜ ਦੇ ਪਾਣੀ ਨੂੰ ਘੱਗਰ ਨਦੀ ਵਿੱਚ ਬਿਨਾਂ ਸੋਧੇ ਪਾਉਣ ਨਾਲ ਘੱਗਰ ਬੈਲਟ ਦੇ ਪਿੰਡਾਂ ਵਿੱਚ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਇਹ ਇਲਾਕੇ ਦੀ ਗੰਭੀਰ ਸਮੱਸਿਆ ਹੈ, ਇਸ ਦੇ ਹੱਲ ਲਈ ਐੱਸ ਡੀ ਐੱਮ ਏਲਨਾਬਾਦ, ਡੀ ਸੀ ਸਿਰਸਾ, ਸਬੰਧਤ ਵਿਭਾਗ ਅਤੇ ਹਰਿਆਣਾ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਹੈ ਪਰ ਕੋਈ ਹੱਲ ਨਹੀਂ ਹੋਇਆ। ਜੇ ਹੁਣ ਵੀ ਜਲਦੀ ਹੱਲ ਨਾ ਕੀਤਾ ਗਿਆ ਤਾਂ ਪਿੰਡਾਂ ਵਿੱਚ ਲੀਡਰਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਹੁਣ ਉਹ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਇਸ ਦੂਸ਼ਿਤ ਪਾਣੀ ਨੂੰ ਘੱਗਰ ਨਦੀ ਵਿੱਚ ਪਾਏ ਜਾਣ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਲਈ ਬਿਨਾਂ ਸੋਧੇ ਹੋਏ ਸੀਵਰੇਜ ਦੇ ਪਾਣੀ ਨੂੰ ਘੱਗਰ ਨਦੀ ਵਿੱਚ ਛੱਡਣ ’ਤੇ ਰੋਕ ਲਗਾਈ ਜਾਵੇ। ਲੋਕਾਂ ਨੇ ਕਿਹਾ ਕਿ ਘੱਗਰ ਨਦੀ ਕਿਸੇ ਸਮੇਂ ਇੱਥੋਂ ਦੇ ਲੋਕਾਂ ਦੀ ਜੀਵਨ ਰੇਖਾ ਸੀ ਪਰ ਹੁਣ ਦੂਸ਼ਿਤ ਪਾਣੀ ਕਾਰਨ ਜ਼ਹਿਰ ਉਗਲ ਰਹੀ ਹੈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 11 ਅਕਤੂਬਰ ਨੂੰ ਘੱਗਰ ਦੇ ਪੁਲ ’ਤੇ ਵੱਡਾ ਇਕੱਠ ਕਰ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਸੀਨੀਅਰ ਕਿਸਾਨ ਆਗੂ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਵੱਖ-ਵੱਖ ਕਿਸਾਨ ਸੰਗਠਨਾਂ, ਲੋਕ ਪੰਚਾਇਤ ਸਿਰਸਾ, ਮੀਡੀਆ ਅਤੇ ਲੋਕਾਂ ਨੇ ਸਮੇਂ-ਸਮੇਂ ਤੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਮੰਗ ਉਠਾਈ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।

