
ਪਿੰਡ ਬਖਤਗੜ੍ਹ ਦੇ ਲੋਕ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ।
ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਦਸੰਬਰ
ਪਿਛਲੇ ਸਮੇਂ ਤੋਂ ਪੰਜਾਬ ਸਮੇਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਚੋਰੀਆਂ ਤੋਂ ਇਲਾਵਾ ਹੋਰ ਘਟਨਾਵਾਂ ਨੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਤੇ ਹੁਣ ਚੋਰ ਪਿੰਡਾਂ ਦੀਆਂ ਸਾਂਝੀਆਂ ਤੇ ਸੁੰਨਸਾਨ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਤਰ੍ਹਾਂ ਚੋਰਾਂ ਨੇ ਪਿੰਡ ਬਖਤਗੜ੍ਹ ਦੇ ਸ਼ਮਸ਼ਾਨਘਾਟ ਦੇ ਗੇਟ ਤੋਂ ਇਲਾਵਾ ਸੀਚੇਵਾਲ ਮਾਡਲ ਦੇ ਖੂਹ ’ਤੇ ਬਣਾਈ ਲੋਹੇ ਦੀ ਗਰਿੱਲ ਵੀ ਪੁੱਟ ਲਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਚੋਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ ਬਖਤਗੜ੍ਹ ਦੇ ਖੇਤਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ, ਮੋਟਰ ਵਾਲੀਆਂ ਕੋਠੀਆਂ ਦੇ ਗੇਟ, ਖੇਤ ਪਏ ਖੇਤੀ ਦੇ ਸੰਦਾਂ ਤੋਂ ਇਲਾਵਾ ਬੀਤੀ ਰਾਤ ਪਿੰਡ ਦੇ ਸ਼ਮਸ਼ਾਨਘਾਟ ਦਾ ਗੇਟ ਉਤਾਰਨ ਤੋਂ ਇਲਾਵਾ ਪੰਚਾਇਤ ਵੱਲੋਂ ਬਣਾਏ ਗਏ ਸੀਚੇਵਾਲ ਮਾਡਲ ਦੇ ਖੂਹ ਦੀ ਗਰਿੱਲ ਵੀ ਪੁੱਟ ਲਈ ਗਈ। ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਸੂਬੇ ਵਿੱਚ ਨਿੱਤ ਹੋ ਰਹੇ ਕਤਲ, ਚੋਰੀਆਂ ਅਤੇ ਡਕੈਤੀਆਂ ਨੇ ਪੰਜਾਬ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਕੋਈ ਭੈਅ ਨਹੀਂ ਮੰਨ ਰਿਹਾ, ਸਗੋਂ ਸ਼ਰ੍ਹੇਆਮ ਲੋਕਾਂ ਦਾ ਜਾਨੀ ਅਤੇ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਪੰਚਾਇਤੀ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਨਕੇਲ ਕਸਣ ਦੀ ਮੰਗ ਕੀਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ