ਫ਼ਿਰੋਜ਼ਪੁਰ ਪੁਲੀਸ ਨਾਲ ਮੁਕਾਬਲੇ ’ਚ ਗੈਂਗਸਟਰ ਮਨਪ੍ਰੀਤ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 24 ਮਈ
ਫ਼ਿਰੋਜ਼ਪੁਰ ਪੁਲੀਸ ਨਾਲ ਮੁਕਾਬਲੇ ’ਚ ਅੱਜ ਸ਼ਾਮ ਇੱਕ ਨਾਮੀ ਗੈਂਗਸਟਰ ਜ਼ਖ਼ਮੀ ਹੋ ਗਿਆ। ਮਨਪ੍ਰੀਤ ਮੰਨੂ ਵਾਸੀ ਨਿਹਾਲਾ ਕਿਲਚਾ ਸ਼ਹਿਰ ਵਿੱਚ ਹੋਏ ਦੂਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਉਹ ਇਕ ਹੋਰ ਕਤਲ ਕੇਸ ਵਿੱਚ ਵੀ ਪੁਲੀਸ ਨੂੰ ਲੋੜੀਂਦਾ ਸੀ। ਮਨਪ੍ਰੀਤ ਮੰਨੂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਉਸ ਦੇ ਕਬਜ਼ੇ ‘ਚੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਪੁਲੀਸ ਵੱਲੋਂ ਕਿਲਾ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮਨਪ੍ਰੀਤ ਮੰਨੂ ਦਾ ਪੁਲੀਸ ਨਾਲ ਸਾਹਮਣਾ ਹੋ ਗਿਆ। ਪੁਲੀਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਉਸ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਉਹ ਸੜਕ ‘ਤੇ ਡਿੱਗ ਪਿਆ। ਜਦੋਂ ਪੁਲੀਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਪੁਲੀਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਗੋਲੀ ਪੁਲੀਸ ਦੀ ਸਰਕਾਰੀ ਗੱਡੀ ਵਿੱਚ ਵੱਜੀ ਤੇ ਜਵਾਬੀ ਕਾਰਵਾਈ ’ਚ ਇਕ ਗੋਲੀ ਮੁਲਜ਼ਮ ਦੀ ਲੱਤ ’ਚ ਲੱਗੀ।