ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਈ
ਥਾਣਾ ਬੱਧਨੀ ਕਲਾਂ ਪੁਲੀਸ ਨੇ ਖੇਤਾਂ ’ਚ ਟਿਊਬਵੈਲਾਂ ਦੀ ਤਾਰਾਂ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ
ਕਰਨ ਤੋਂ ਇਲਾਵਾ ਪਿੰਡ ਲੋਪੋ ਵਿੱਚ ਘਰ ’ਚ ਚੱਲ ਰਹੇ ਨਾਜਾਇਜ਼ ਸ਼ਰਾਬ ਠੇਕੇ ਦਾ ਪਰਦਾਫ਼ਾਸ ਕਰ ਕੇ 39 ਪੇਟੀਆਂ ਦੇਸੀ ਠੇਕਾ ਸ਼ਰਾਬ ਬਰਾਮਦ ਕੀਤੀ ਹੈ।
ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਖੇਤਰ ਵਿੱਚ ਖੇਤਾਂ ’ਚ ਟਿਊਬਵੈਲਾਂ ਦੀ ਤਾਰਾਂ ਚੋਰੀ ਕਰਨ ਵਾਲੇ ਗਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਗਰੋਹ ਮੈਂਬਰ ਵੈਗਨਾਰ ਗੱਡੀ ਵਿੱਚ ਸਨ ਅਤੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਮੋਟਰਾਂ, ਸਟਾਰਟਰ ਅਤੇ 13 ਕੇਬਲ ਤਾਰਾਂ, ਜਿਨ੍ਹਾਂ ਦੀ ਲੰਬਾਈ 171 ਫੁੱਟ ਹੈ ਬਰਾਮਦ ਕੀਤੀ ਗਈ ਹੇ। ਉਨ੍ਹਾਂ ਦੱਸਿਆ ਕਿ ਗਰੋਹ ਦੇ ਸਰਗਨੇ ਗਗਨਦੀਪ ਸਿੰਘ ਪਿੰਡ ਰਣੀਆਂ ਖ਼ਿਲਾਫ਼ ਪਹਿਲਾਂ ਕੇਸ ਦਰਜ ਹਨ ਜਦਕਿ ਬਾਕੀ ਮੁਲਜ਼ਮਾਂ ਦੀ ਪਛਾਣ ਨਵਤੇਜ ਸਿੰਘ, ਪਰਵਿੰਦਰ ਸਿੰਘ, ਗੁਰਜੀਤ ਸਿੰਘ ਉਰਫ਼ ਜੀਤਾ ਅਤੇ ਲੱਭੀ ਸਾਰੇ ਪਿੰਡ ਰਣੀਆਂ ਵਜੋਂ ਹੋਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਖੁਫ਼ੀਆ ਇਤਲਾਹ ਉੱਤੇ ਪਿੰਡ ਲੋਪੇ ਵਿਚ ਛਾਪੇਮਾਰੀ ਕਰ ਕੇ 39 ਪੇਟੀਆਂ ਠੇਕਾ ਸ਼ਰਾਬ ਦੇਸੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰੁਮੇਸ਼ ਕੁਮਾਰ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। ਪੁਲੀਸ ਮੁਤਾਬਕ ਮੁਲਜ਼ਮ ਰੁਮੇਸ਼ ਕੁਮਾਰ ਇਕੱਲੇ ਥਾਣਾ ਬੱਧਨੀ ਕਲਾਂ ਵਿੱਚ ਸ਼ਰਾਬ ਤਸਕਰੀ ਦੋਸ਼ ਹੇਠ 14 ਕੇਸ ਪਹਿਲਾਂ ਹੀ ਦਰਜ ਹਨ।