Middukhera murder case ’ਚ ਪੰਚ ਸਣੇ ਚਾਰ ਕਾਬੂ
ਛੇਵੇਂ ਦਿਨ ਹੋਇਆ ਸੰਦੀਪ ਸਿੰਘ ਬੱਬਲੂ ਦਾ ਸਸਕਾਰ; ਪੁਲੀਸ ਅਨੁਸਾਰ ਰੰਜਿਸ਼ ਤਹਿਤ ਕੀਤੀ ਗਈ ਸੀ ਸੰਦੀਪ ਦੀ ਹੱਤਿਆ
ਪਿੰਡ ਮਿੱਡੂਖੇੜਾ ਵਿੱਚ ਸੰਦੀਪ ਸਿੰਘ ਉਰਫ਼ ਬੱਬਲੂ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਜਗਦੀਸ਼ ਰਾਮ, ਉਸ ਦੇ ਭਰਾ, ਭਤੀਜੇ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੜਤਾਲ ਦੌਰਾਨ ਇਸ ਮਾਮਲੇ ਵਿੱਚ ਕੁੱਲ 13 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੱਤਿਆ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਪੁਰਾਣੀ ਰੰਜਿਸ਼ ਦਾ ਸਿੱਟਾ ਸੀ। ਉਧਰ ਪਰਿਵਾਰ ਨੇ ਛੇਵੇਂ ਦਿਨ ਸੰਦੀਪ ਦਾ ਸਸਕਾਰ ਵੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਸਰਹਿੰਦ ਫੀਡਰ ਨਹਿਰ ਨੇੜੇ ਮਾਰਕੁੱਟ ਵਿੱਚ ਗੰਭੀਰ ਜ਼ਖ਼ਮੀ ਹੋਏ ਸੰਦੀਪ ਸਿੰਘ ਦੀ 27 ਜੁਲਾਈ ਨੂੰ ਏਮਜ਼ ਬਠਿੰਡਾ ਵਿੱਚ ਮੌਤ ਹੋ ਗਈ ਸੀ। ਸੰਦੀਪ ਦੀ ਮਾਤਾ ਕੁਲਵਿੰਦਰ ਕੌਰ ਨੇ ‘ਆਪ’ ਪੰਚ ਜਗਦੀਸ਼ ਰਾਮ ਅਤੇ ਹੋਰਨਾਂ ਨੂੰ ਇਸ ਹੱਤਿਆ ਲਈ ਜ਼ਿੰਮੇਵਾਰ ਠਹਿਰਾਇਆ ਸੀ। ਸ਼ੁਰੂਆਤੀ ਦੌਰ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਹੋਣ ਕਾਰਨ ਪਰਿਵਾਰ ਨੇ ਮੁਲਜ਼ਮਾਂ ਦੀ ਨਾਮਜ਼ਦਗੀ ਅਤੇ ਗ੍ਰਿਫ਼ਤਾਰੀ ਤੱਕ ਪੋਸਟ ਮਾਰਟਮ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਲਾਸ਼ ਪਿਛਲੇ ਛੇ ਦਿਨਾਂ ਤੋਂ ਮੁਰਦਾਘਰ ਵਿੱਚ ਪਈ ਸੀ ਅਤੇ ਪਰਿਵਾਰ ਵੱਲੋਂ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸਪੱਸ਼ਟ ਹੋਇਆ ਕਿ ਜਗਦੀਸ਼ ਰਾਮ ਨੇ ਆਪਣੇ ਪਰਿਵਾਰ ਅਤੇ ਹੋਰਨਾਂ ਨਾਲ ਮਿਲ ਕੇ ਸਾਜ਼ਿਸ਼ ਤਹਿਤ ਸੰਦੀਪ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਪੁਲੀਸ ਨੇ ਮੁੱਖ ਮੁਲਜ਼ਮ ਜਗਦੀਸ਼ ਰਾਮ, ਉਸ ਦੇ ਸਕੇ ਭਰਾ ਸੱਤਪਾਲ, ਭਤੀਜੇ ਅਜੈ ਕੁਮਾਰ ਅਤੇ ਸੱਤਪਾਲ ਦੇ ਰਿਸ਼ਤੇਦਾਰ ਇੰਦਰਜੀਤ ਸਿੰਘ ਉਰਫ਼ ਛਾਂਗਾ ਵਾਸੀ ਬੀਰੂਵਾਲਾ ਗੁੜ੍ਹਾ (ਸਿਰਸਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਦੇਰ ਸ਼ਾਮ ਪਰਿਵਾਰ ਨੇ ਸੰਦੀਪ ਸਿੰਘ ਦਾ ਸਸਕਾਰ ਕਰ ਦਿੱਤਾ ਹੈ।

