ਠੇਕੇ ’ਤੇ ਪੈਟਰੋਲ ਬੰਬ ਸੁੱਟਣ ਆਏ ਚਾਰ ਕਾਬੂ
ਵਿਦੇਸ਼ ਬੈਠੇ ਗੈਂਗਸਟਰਾਂ ਦੇ ਕਹਿਣ ’ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਨਾਕਾਮ
ਬਾਘਾਪੁਰਾਣਾ ਪੁਲੀਸ ਨੇ ਫਿਰੌਤੀ ਲਈ ਸ਼ਰਾਬ ਠੇਕੇ ’ਤੇ ਪੈਟਰੋਲ ਬੰਬ ਸੁੱਟਣ ਆਏ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਬੀਅਰ ਦੀਆਂ ਬੋਤਲਾਂ ’ਚ ਫਿੱਟ ਤਿੰਨ ਪੈਟਰੋਲ ਬੰਬ, ਮਾਚਸ ਤੇ ਲਾਈਟਰ ਬਰਾਮਦ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਵਿਦੇਸ਼ ਬੈਠੇ ਗੈਂਗਸਟਰਾਂ ਦੇ ਕਹਿਣ ’ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਨਾਕਾਮ ਹੋ ਗਈ ਹੈ। ਐੱਸ ਐੱਸ ਪੀ ਅਜੈ ਗਾਂਧੀ, ਡੀ ਐੱਸ ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ, ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਫਿਰੌਤੀ ਲਈ ਸ਼ਰਾਬ ਠੇਕੇ ’ਤੇ ਪੈਟਰੋਲ ਬੰਬ ਸੁੱਟਣ ਦੀ ਯੋਜਨਾ ਕਰਦੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਬੋਤਲਾਂ ’ਚ ਫਿੱਟ ਤਿੰਨ ਪੈਟਰੋਲ ਬੰਬ, ਮਾਚਸ ਤੇ ਲਾਈਟਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਚਾਰੇ ਮੁਲਜ਼ਮ ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਰੋਹਿਤ ਕੁਮਾਰ, ਵਾਸੀ ਫ਼ਰੀਦਕੋਟ, ਜਗਸੀਰ ਸਿੰਘ ਵਾਸੀ ਪਿੰਡ ਰਾਜੇਵਾਲ, ਖੁਸ਼ਪ੍ਰੀਤ ਸਿੰਘ ਵਾਸੀ ਡੋਗਰ ਬਸਤੀ ਤੇ ਸਾਵਣ ਸਿੰਘ ਵਾਸੀ ਦਸਮੇਸ਼ ਨਗਰ ਫ਼ਰੀਦਕੋਟ ਵਜੋਂ ਹੋਈ ਹੈ। ਮੁਲਜ਼ਮ ਜਗਸੀਰ ਸਿੰਘ ਨੂੰ ਛੱਡ ਕੇ ਬਾਕੀ ਤਿੰਨਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਕਹਿਣ ’ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਜੋ ਨਾਕਾਮ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਸ਼ਰਾਬ ਠੇਕੇ ਉੱਤੇ ਪੈਟਰੋਲ ਪੰਪ ਸੁੱਟ ਕੇ ਅੱਗ ਲਾ ਕੇ ਧਮਾਕਾ ਕਰਨ ਦੀ ਯੋਜਨਾ ਸੀ ਤਾਂ ਜੋ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਪੈਦਾ ਕਰਕੇ ਫ਼ਿਰੌਤੀ ਵਸੂਲੀ ਜਾ ਸਕੇ। ਮੁਲਜ਼ਮਾਂ ਦਾ ਪੁੱਛ-ਪੜਤਾਲ ਲਈ 3 ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਕਰੀਬ 15 ਦਿਨ ਪਹਿਲਾਂ 25 ਅਕਤੂਬਰ ਨੂੰ ਇਸੇ ਥਾਣੇ ਦੇ ਘੇਰੇ ਅੰਦਰ ਪਿੰਡ ਮਾੜੀ ਮੁਸਤਫ਼ਾ ਵਿੱਚ ਵਾਹਨ ਟਾਇਰ ਕਾਰੋਬਾਰੀ ਦੀ ਦੁਕਾਨ ਉੱਤੇ ਫ਼ਿਰੌਤੀ ਲਈ ਪਟਰੈਲ ਬੰਬ ਸੁਟਿਆ ਗਿਆ ਸੀ ਅਤੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਤਿੰਨੇ ਮੁਲਜ਼ਮ ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਫਿਰੌਤੀ ਮੰਗਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਖੇਤਰ ਦੇ ਲੋਕ ਬਹੁਤ ਚਿੰਤਤ ਹਨ।

