ਪਰਮਜੀਤ ਸਿੰਘ
ਫਾਜ਼ਿਲਕਾ, 24, ਅਗਸਤ
ਸਰਹੱਦੀ ਪਿੰਡ ਪਿੰਡ ਰਾਮ ਸਿੰਘ ਭੈਣੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਪਿਛਲੇ ਦੋ ਦਿਨਾਂ ਤੋਂ ਬਿਜਲੀ ਦੇ ਕੱਟ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।
ਰੋਸ ਪ੍ਰਗਟਾਵਾ ਕਰਦਿਆਂ ਪਿੰਡ ਵਾਸੀ ਸੁਖਵਿੰਦਰ ਸਿੰਘ, ਸਵਰਨਾ ਰਾਣੀ, ਬਲਬੀਰੋ ਬਾਈ ਤੇ ਹੋਰਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਉਨ੍ਹਾਂ ਦੇ ਪਿੰਡਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਹੁਕਮਾਂ ’ਤੇ ਇੱਥੋਂ ਦੇ ਪਿੰਡਾਂ ਵਿੱਚ ਬਿਜਲੀ ਦੇ ਵੱਡੇ ਵੱਡੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 9.30 ਵਜੇ ਬਿਜਲੀ ਦਾ ਕੱਟ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਰਾਤ 8 ਵਜੇ ਤੋਂ ਬਾਅਦ ਬਿਜਲੀ ਆਈ। ਇਸ ਤੋਂ ਬਾਅਦ ਅਗਲੇ ਦਨਿ ਵੀ ਸਵੇਰੇ 10 ਵਜੇ ਦੇ ਕਰੀਬ ਅਜਿਹਾ ਹੀ ਬਿਜਲੀ ਕੱਟ ਲੱਗਾ, ਜੋ ਇਸੇ ਤਰ੍ਹਾਂ ਦਨਿ ਭਰ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਕਈ ਵਾਰ ਉਨ੍ਹਾਂ ਦੇ ਪਿੰਡ ਵਿੱਚ ਰਾਤ ਦੇ 11 ਵਜੇ ਬਿਜਲੀ ਆਉਂਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਹੜ੍ਹਾਂ ਦੇ ਪਾਣੀ ਵਿੱਚ ਮੱਛਰ ਆਦਿ ਪਲ ਰਹੇ ਹਨ, ਜਿਸ ਕਾਰਨ ਉਨ੍ਹਾਂ ਵਿੱਚ ਕਈ ਬਿਮਾਰੀਆਂ ਫੈਲ ਰਹੀਆਂ ਹਨ। ਦੂਜੇ ਪਾਸੇ ਬਿਜਲੀ ਗੁੱਲ ਹੋਣ ਕਾਰਨ ਲੋਕ ਗਰਮੀ ਕਾਰਨ ਬਿਮਾਰ ਵੀ ਹੋ ਰਹੇ ਹਨ। ਇਸ ਗਰਮੀ ਕਾਰਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਜਾਨ ਦਾਅ ’ਤੇ ਲੱਗੀ ਹੋਈ ਹੈ। ਕੁਝ ਲੋਕ ਇਸ ਗਰਮੀ ਕਾਰਨ ਇੰਨੇ ਬਿਮਾਰ ਹੋ ਰਹੇ ਹਨ ਕਿ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ।
ਲੋਕਾਂ ਨੇ ਦੱਸਿਆ ਕਿ ਡੀਸੀ ਸਮੇਤ ਹੋਰ ਅਧਿਕਾਰੀ ਆਪਣੇ ਏਸੀ ਕਮਰਿਆਂ ਵਿੱਚ ਬੈਠਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਿੰਡਾਂ ’ਚ ਬਿਜਲੀ ਕੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਪਿੰਡ ਰਾਮ ਸਿੰਘ ਭੈਣੀ ਵਾਸੀਆਂ ਨੇ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਾ ਮਿਲਣ ਦੀ ਗੱਲ ਵੀ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਵਾਲੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਸਤਲੁਜ ਦਰਿਆ ’ਤੇ ਬਣੇ ਪੁਲ ਨੂੰ ਪਾਰ ਕਰਕੇ ਵਾਪਸ ਚਲੇ ਜਾਂਦੇ ਹਨ। ਉਥੇ ਬੈਠੇ ਅਧਿਕਾਰੀ ਕਾਵਾਂਵਾਲੀ ਪੱਤਣ ਦੀ ਰੱਟ ਲਾ ਰਹੇ ਹਨ ਪਰ ਉਨ੍ਹਾਂ ਦੇ ਪਿੰਡ ਦਾ ਨਾਂ ਵੀ ਕੋਈ ਨਹੀਂ ਜਾਣਦਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਘਰਾਂ ਦੇ ਨੁਕਸਾਨ ਲਈ 1.5 ਲੱਖ ਰੁਪਏ ਪ੍ਰਤੀ ਘਰ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਫਸਲਾਂ ਅਤੇ ਮਕਾਨਾਂ ਦਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਉਨ੍ਹਾਂ ਨੂੰ ਜਲਦ ਨਾ ਦਿੱਤੀਆਂ ਗਈਆਂ ਤਾਂ ਉਹ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨਗੇ ਅਤੇ ਕਿਸੇ ਵੀ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।
ਦੂਜੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀ ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਹੁਕਮਾਂ ‘ਤੇ ਐੱਨਡੀਆਰਐੱਫ ਦੀਆਂ ਟੀਮਾਂ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨੂੰ ਰੋਕਣ ਲਈ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੱਟ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਲਾਇਆ ਜਾ ਰਿਹਾ ਹੈ।