ਬਠਿੰਡਾ ’ਚ ਕੱਚੇ ਕਾਮਿਆਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਝੰਡਾ ਮਾਰਚ
ਸ਼ਗਨ ਕਟਾਰੀਆ
ਬਠਿੰਡਾ, 11 ਜੂਨ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੇ ਆਊਟਸੋਰਸ ਮੁਲਾਜ਼ਮਾਂ ਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਇੱਥੇ ਝੰਡਾ ਮਾਰਚ ਕੀਤਾ। ਗੌਰਤਲਬ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਭਰ ’ਚ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਢਾਈ ਤਿੰਨ ਦਹਾਕਿਆਂ ਤੋਂ ਕੱਚੀ ਨੌਕਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਿਰਫ 8 ਤੋਂ 10 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ 2022 ਵਿੱਚ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਸੱਤਾ ਕਾਲ ਤਿੰਨ ਸਾਲਾਂ ਤੋਂ ਉੱਪਰ ਹੋ ਗਿਆ ਹੈ, ਪਰ ਸਰਕਾਰ ਵੱਲੋਂ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਮਹਿਕਮਿਆਂ ਵਿੱਚ ਮਰਜ ਕਰ ਕੇ ਰੈਗੂਲਰ ਕੀਤਾ ਜਾਵੇ, ਆਲ ਇੰਡੀਆ 15ਵੀਂ ਕਿਰਤ ਲੇਬਰ ਕਾਨਫਰੰਸ ਦੇ ਮੁਤਾਬਿਕ ਵਰਕਰਾਂ ਦੀ ਤਨਖਾਹ 35000 ਤੋਂ 40000 ਰੁਪਏ ਕੀਤੀ ਜਾਵੇ, ਜਿਹੜੇ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਨੇੜੇ ਹੈ, ਉਨ੍ਹਾਂ ਦੀ ਉਮਰ ਹੱਦ 65 ਸਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 12 ਜੂਨ ਨੂੰ ਬਰਨਾਲਾ ਵਿੱਚ ਅਤੇ 16 ਜੂਨ ਨੂੰ ਪਟਿਆਲਾ ’ਚ ਝੰਡਾ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਸੂਬਾ ਸਰਕਾਰ ਨੇ ਪੂਰੀਆਂ ਨਾ ਕੀਤੀਆਂ, ਤਾਂ ਸਮੁੱਚੇ ਪੰਜਾਬ ਦੇ ਵਰਕਰਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ, ਮੀਤ ਪ੍ਰਧਾਨ ਅਮਿਤ ਕੁਮਾਰ ਸਮਾਣਾ, ਜਨਰਲ ਸਕੱਤਰ ਜਗਵੀਰ ਸਿੰਘ, ਵਾਈਸ ਜਨਰਲ ਸਕੱਤਰ ਮਿਲਖਾ ਸਿੰਘ ਬਰਨਾਲਾ, ਸੱਤਪਾਲ ਸਿੰਘ, ਬੀਰਾ ਸਿੰਘ ਬਰੇਟਾ, ਕੁਲਵਿੰਦਰ ਸਿੰਘ, ਸੁਖਜੀਵਨ ਸਿੰਘ ਸਰਦੂਲਗੜ੍ਹ, ਜਗਤਾਰ ਸਿੰਘ ਬਠਿੰਡਾ, ਅਵਤਾਰ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਗੋਗੀ ਭੀਖੀ, ਜਗਦੇਵ ਸਿੰਘ, ਸੰਜੀਵ ਕੁਮਾਰ, ਸੰਜੂ ਕੁਮਾਰ, ਹਰਪ੍ਰੀਤ ਸਿੰਘ, ਵਿਜੈ ਕੁਮਾਰ, ਰਾਜੇਸ਼ ਕੁਮਾਰ, ਸੱਤਾ ਰਾਮ, ਰਣਜੀਤ ਸਿੰਘ, ਰਵਿੰਦਰ ਸਿੰਘ ਬੋਹਾ ਆਦਿ ਹਾਜ਼ਰ ਸਨ।