ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 4 ਦਸੰਬਰ
ਇੱਥੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 54 ‘ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਪੰਜ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਿੱਕਅੱਪ ਗੱਡੀ ਜ਼ੀਰਾ ਬਾਈਪਾਸ ਤੋਂ ਜੀਟੀ ਰੋਡ ਨੈਸ਼ਨਲ ਹਾਈਵੇਅ ਨੰਬਰ-54 ਉੱਪਰ ਚੜ੍ਹਨ ਲੱਗੀ ਤਾਂ ਧੁੰਦ ਕਾਰਨ ਉਸ ਵਿਚ ਬਠਿੰਡਾ ਵੱਲੋਂ ਆਉਂਦੀ ਕਾਰ ਟਕਰਾ ਗਈ। ਇਸ ਦੌਰਾਨ ਦੋਵਾਂ ਗੱਡੀਆਂ ਵਾਲੇ ਆਪਸ ਵਿਚ ਬਹਿਸ ਰਹੇ ਸਨ ਕਿ ਪਿੱਛੋਂ ਇੱਟਾਂ ਨਾਲ ਭਰੇ ਟਰਾਲੇ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਟਰਾਲਾ ਕਾਰ ਉੱਪਰ ਹੀ ਪਲਟ ਗਿਆ, ਜਿਸ ਨਾਲ ਕਾਰ ਸਵਾਰ ਜਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਤੋਂ ਫਸਟ ਏਡ ਦੇਣ ਉਪਰੰਤ ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਇਸੇ ਦੌਰਾਨ ਪਿੱਛੋਂ ਹੋਰ ਦੋ ਕਾਰਾਂ ਹਾਦਸਾਗ੍ਰਸਤ ਵਾਹਨਾਂ ਨਾਲ ਟਕਰਾ ਗਈਆਂ। ਜ਼ੀਰਾ ਸਿਟੀ ਪੁਲੀਸ ਦੇ ਏਐੱੱਸਆਈ ਜਗਦੀਪ ਸਿੰਘ ਅਤੇ ਟਰੈਫਿਕ ਪੁਲੀਸ ਇੰਚਾਰਜ ਮਲਕੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਵਾਹਨ ਚਾਲਕਾਂ ਤੋਂ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਸਾਰੇ ਵਾਹਨਾਂ ਦੇ ਡਰਾਈਵਰਾਂ ਨਾਲ ਰਾਬਤਾ ਕਰਕੇ ਨੂੰ ਰਸਤੇ ਨੂੰ ਚਾਲੂ ਕਰਵਾਇਆ। ਏਐੱਸਆਈ ਜਗਦੀਪ ਸਿੰਘ ਨੇ ਕਿਹਾ ਕਿ ਇਸ ਹਾਦਸੇ ਲਈ ਜੋ ਵੀ ਜ਼ਿੰਮੇਵਾਰ ਹੋਇਆ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।