ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਮੁਲਜ਼ਮ ਪੁਲੀਸ ਹਿਰਾਸਤ ਵਿੱਚ।

ਜਸਵੰਤ ਜੱਸ
ਫ਼ਰੀਦਕੋਟ, 11 ਅਗਸਤ  

ਜ਼ਿਲਾ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਦੇ ਦੋਸ਼ ਤਹਿਤ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਦਿਨ ਪਹਿਲਾਂ ਪਿੰਡ ਘੁਗਿਆਣਾ ਵਿੱਚੋਂ ਸੁਨਿਆਰੇ ਦੀ ਦੁਕਾਨ ਤੋਂ ਲੁੱਟਿਆ ਸੋਨਾ, ਚਾਂਦੀ ਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ। 

ਜ਼ਿਲਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਅਵਨੀਤ ਸਿੰਘ ਉਰਫ਼ ਬੱਬੀ, ਸੁਖਵਿੰਦਰ ਸਿੰਘ ਉਰਫ਼ ਸੁੱਖੀ, ਵਿਕਾਸਦੀਪ ਸਿੰਘ, ਪ੍ਰਭਜੋਤ ਸਿੰਘ ਵਾਸੀ ਮੁਕਤਸਰ ਅਤੇ ਲਖਵਿੰਦਰ ਸਿੰਘ ਵਾਸੀ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ, 16 ਕਾਰਤੂਸ, ਕਾਰ, ਜਾਅਲੀ ਨੰਬਰ ਪਲੇਟਾਂ, ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।  ਇਨ੍ਹਾਂ ਮੁਲਜ਼ਮਾਂ ਖਿਲਾਫ਼ ਫ਼ਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲੁੱਟ ਖੋਹ ਦੇ 9 ਮੁਕੱਦਮੇ ਦਰਜ ਹਨ। ਪੁਲੀਸ ਨੇ ਦਾਅਵਾ ਕੀਤਾ ਕਿ ਇਹ ਨੌਜਵਾਨ ਗੈਂਗ ਬਣਾ ਕੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਲੁੱਟਦੇ ਸਨ ਅਤੇ ਇਨ੍ਹਾਂ ਨੇ 8 ਅਗਸਤ ਨੂੰ ਪਿੰਡ ਘੁਗਿਆਣਾ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਚ ਲੁੱਟ ਖੋਹ ਕਰਨ ਤੋਂ ਪਹਿਲਾਂ ਪਿੰਡ ਸ਼ੇਰ ਸਿੰਘ ਵਾਲਾ ਵਿਚੋਂ ਇੱਕ ਮੋਟਰਸਾਈਕਲ ਸਵਾਰ ਤੋਂ ਨਗਦੀ ਖੋਹੀ ਸੀ। ਪੁਲੀਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 482, 411 ਅਤੇ ਅਸਲ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਜ ਇਨ੍ਹਾਂ ਨੂੰ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁੱਛਗਿੱਛ ਲਈ ਸਾਰੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All