Firozpur Municipal Council: ਸਚਦੇਵਾ ਬਣੇ ਫਿਰੋਜ਼ਪੁਰ ਕੌਂਸਲ ਦੇ ਪ੍ਰਧਾਨ
ਫਿਰੋਜ਼ਪੁਰ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਲਈ ਲੰਬੀ ਜੱਦੋ-ਜਹਿਦ ਅਤੇ ਸਿਆਸੀ ਜੋੜ-ਤੋੜ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਸਚਦੇਵਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਮੌਕੇ ਫ਼ਿਰੋਜ਼ਪੁਰ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਵੇਂ ਪ੍ਰਧਾਨ ਅਸ਼ੋਕ...
ਫਿਰੋਜ਼ਪੁਰ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਲਈ ਲੰਬੀ ਜੱਦੋ-ਜਹਿਦ ਅਤੇ ਸਿਆਸੀ ਜੋੜ-ਤੋੜ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਸਚਦੇਵਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਮੌਕੇ ਫ਼ਿਰੋਜ਼ਪੁਰ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਵੇਂ ਪ੍ਰਧਾਨ ਅਸ਼ੋਕ ਸਚਦੇਵਾ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਸ਼ੋਕ ਸਚਦੇਵਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਨਗਰ ਕੌਂਸਲ ਬਿਨਾਂ ਕਿਸੇ ਪੱਖਪਾਤ ਦੇ ਸ਼ਹਿਰ ਦੇ ਹਰ ਵਾਰਡ ਵਿੱਚ ਬੁਨਿਆਦੀ ਸਹੂਲਤਾਂ ਉਪਲੱਬਧ ਕਰਾਉਣ ਲਈ ਵਚਨਬੱਧ ਰਹੇਗੀ।
ਚੋਣ ਪ੍ਰਕਿਰਿਆ ਬਾਰੇ ਐੱਸ ਡੀ ਐੱਮ ਨੇ ਦੱਸਿਆ ਕਿ ਪ੍ਰਧਾਨਗੀ ਦੀ ਇਹ ਚੋਣ ਪੂਰੀ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹਾਈ ਗਈ ਹੈ। ਸਾਰੇ ਕੌਂਸਲਰਾਂ ਦੀ ਸਹਿਮਤੀ ਅਤੇ ਨਿਯਮਾਂ ਅਨੁਸਾਰ ਹੀ ਅਸ਼ੋਕ ਸਚਦੇਵਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਐਲਾਨਿਆ ਗਿਆ ਹੈ। ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਨਗਰ ਕੌਂਸਲ ’ਚ ਕਾਂਗਰਸ ਮਜ਼ਬੂਤ ਅਤੇ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਸੀ। ਸ਼ਹਿਰ ਦੇ ਕੁੱਲ 33 ਵਾਰਡਾਂ ਵਿੱਚੋਂ ਕਾਂਗਰਸ ਨੇ 18 ’ਤੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਵਿਰੋਧੀ ਧਿਰਾਂ ਵਿੱਚੋਂ ਭਾਜਪਾ ਦੇ ਹਿੱਸੇ ਸਿਰਫ਼ 7 ਸੀਟਾਂ ਹੀ ਆਈਆਂ ਜਦੋਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਕੇਵਲ 5 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਇਸ ਤੋਂ ਇਲਾਵਾ ਆਜ਼ਾਦ ਤੌਰ ’ਤੇ ਲੜਨ ਵਾਲੇ ਸਮਾਜਸੇਵੀ ਚੰਦਨ ਚੰਦੂ ਗਰੁੱਪ ਦੇ 2 ਉਮੀਦਵਾਰ ਜੇਤੂ ਰਹੇ ਹਨ ਜਦੋਂਕਿ ਬਸਪਾ ਵੀ 1 ਸੀਟ ਜਿੱਤਣ ਵਿੱਚ ਕਾਮਯਾਬ ਰਹੀ ਹੈ। ਕਾਂਗਰਸ ਪਾਰਟੀ ਕੋਲ ਸਪੱਸ਼ਟ ਬਹੁਮਤ ਹੋਣ ਕਰ ਕੇ ਪ੍ਰਧਾਨਗੀ ਦਾ ਤਾਜ ਉਨ੍ਹਾਂ ਦੇ ਸਿਰ ਸਜਣਾ ਤੈਅ ਸੀ, ਪਰ ਪਾਰਟੀ ਅੰਦਰੂਨੀ ਸਹਿਮਤੀ ਬਣਾਉਣ ਵਿੱਚ ਕੁਝ ਸਮਾਂ ਲੱਗਿਆ।

