Firozpur cant fire: ਫਿਰੋਜ਼ਪੁਰ ਕੈਂਟ ’ਚ ਨਵੇਦਿਆ ਸਵੀਟਸ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਫਿਰੋਜ਼ਪੁਰ ਕੈਂਟ ਦੇ ਪ੍ਰਸਿੱਧ ਵਪਾਰਕ ਅਦਾਰੇ ‘ਨਵੇਦਿਆ ਸਵੀਟਸ ਐਂਡ ਬੇਕਰਸ’ ਵਿਚ ਅੱਜ ਏਸੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਭਾਰੀ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ, ਪਰ ਕੋਈ ਜਾਨੀ ਨੁਕਸਾਨ ਹੋਣ...
Advertisement
ਫਿਰੋਜ਼ਪੁਰ ਕੈਂਟ ਦੇ ਪ੍ਰਸਿੱਧ ਵਪਾਰਕ ਅਦਾਰੇ ‘ਨਵੇਦਿਆ ਸਵੀਟਸ ਐਂਡ ਬੇਕਰਸ’ ਵਿਚ ਅੱਜ ਏਸੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਭਾਰੀ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ, ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਸੂਚਨਾ ਮਿਲਦੇ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਵੇਰਵਿਆਂ ਅਨੁਸਾਰ ਫਿਰੋਜ਼ਪੁਰ ਕੈਂਟ ਦੇ ਸਭ ਤੋਂ ਮਸ਼ਹੂਰ ਬਾਜ਼ਾਰ ਵਿੱਚ ਸਥਿਤ ‘ਨਵੇਦਿਆ ਸਵੀਟਸ ਐਂਡ ਬੇਕਰਸ’ ਦੀ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਜ ਦੁਪਹਿਰ ਅਚਾਨਕ ਅਫਰਾ-ਤਫਰੀ ਮਚ ਗਈ, ਜਦੋਂ ਉੱਥੇ ਅੱਗ ਦੀਆਂ ਭਿਆਨਕ ਲਪਟਾਂ ਉੱਠਣ ਲੱਗੀਆਂ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਇਸ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਮੁੱਢਲੀ ਜਾਂਚ ਮੁਤਾਬਿਕ ਹਾਦਸੇ ਦਾ ਮੁੱਖ ਕਾਰਨ ਏਅਰ ਕੰਡੀਸ਼ਨਰ (ਏਸੀ) ਵਿੱਚ ਹੋਇਆ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ 6 ਤੋਂ 7 ਗੱਡੀਆਂ ਅਤੇ ਸਥਾਨਕ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਅੱਗ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਚੁੱਕੀ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੰਦਰ ਜਾਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਫਾਇਰ ਬ੍ਰਿਗੇਡ ਵੱਲੋਂ ਹਾਈਡਰੌਲਿਕ ਲਿਫਟਾਂ ਅਤੇ ਜੇ.ਸੀ.ਬੀ. ਮਸ਼ੀਨਾਂ ਦੀ ਵਰਤੋਂ ਕੀਤੀ ਗਈ, ਜਿਸ ਦੀ ਮਦਦ ਨਾਲ ਮੁਲਾਜ਼ਮਾਂ ਨੇ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚ ਬਣਾਈ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ।
ਪੁਲੀਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਲੱਗੀ ਅੱਗ ਨੂੰ ਕਾਫ਼ੀ ਹੱਦ ਤੱਕ ਬੁਝਾ ਲਿਆ ਗਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਮਾਰਤ ਦੇ ਅੰਦਰ ਕੋਈ ਵੀ ਗਾਹਕ ਜਾਂ ਮੁਲਾਜ਼ਮ ਮੌਜ਼ੂਦ ਨਹੀਂ ਸੀ।
ਹਾਲਾਂਕਿ, ਦੁਕਾਨ ਦੇ ਅੰਦਰ ਪਿਆ ਕੀਮਤੀ ਫਰਨੀਚਰ, ਬੇਕਰੀ ਦਾ ਸਾਮਾਨ ਅਤੇ ਹੋਰ ਮਸ਼ੀਨਰੀ ਪੂਰੀ ਤਰ੍ਹਾਂ ਸੜ ਕੇ ਕੋਲਾ ਹੋ ਗਈ ਹੈ।ਸੁਰੱਖਿਆ ਦੇ ਮੱਦੇਨਜ਼ਰ ਗੁਆਂਢ ਵਿੱਚ ਸਥਿਤ ਇੱਕ ਟਾਇਰ ਸ਼ੋਅਰੂਮ ਦੇ ਮਾਲਕਾਂ ਨੇ ਆਪਣਾ ਕੀਮਤੀ ਸਾਮਾਨ ਤੁਰੰਤ ਦੁਕਾਨ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਅਧਿਕਾਰੀਆਂ ਵੱਲੋਂ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਕਾਰਵਾਈ ਜਾਰੀ ਸੀ।
Advertisement
×

