ਪਿੰਡ ਹਮੀਦੀ ਵਿੱਚ ਅੱਜ ਦਿਨ ਸਮੇਂ ਮਜ਼ਦੂਰ ਪਰਿਵਾਰ ਦੇ ਘਰ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਘਰ ਅੰਦਰ ਪਿਆ ਘਰੇਲੂ ਸਾਮਾਨ ਸੜ ਗਿਆ ਤੇ ਕਰੀਬ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪੀੜਤ ਜ਼ੋਰਾ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਘਟਨਾ ਸਮੇਂ ਉਸ ਦੀ ਪਤਨੀ ਜੀਤ ਕੌਰ ਮਗਨਰੇਗਾ ਵਿੱਚ ਕੰਮ ਕਰਨ ਲਈ ਗਈ ਹੋਈ ਸੀ ਜਦਕਿ ਪਰਿਵਾਰ ਦੇ ਬਾਕੀ ਮੈਂਬਰ ਜ਼ਰੂਰੀ ਕੰਮ ਲਈ ਬਰਨਾਲਾ ਗਏ ਹੋਏ ਸਨ। ਇਸ ਦੌਰਾਨ ਘਰ ਅੰਦਰ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਘਰ ਅੰਦਰ ਪਿਆ ਕਰੀਬ 20 ਹਜ਼ਾਰ ਦਾ ਬੈੱਡ, 15 ਹਜ਼ਾਰ ਦੇ ਫਰਿੱਜ਼ ਸਮੇਤ ਹੋਰ ਘਰੇਲੂ ਸਾਮਾਨ ਤੇ ਕੱਪੜੇ ਆਦਿ ਸੜ ਕੇ ਸੁਆਹ ਹੋ ਗਏ। ਪੀੜਤ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਇਸ ਮੌਕੇ ਸਰਪੰਚ ਓਮਨਦੀਪ ਸਿੰਘ ਸੋਹੀ, ਪੰਚ ਏਕਮ ਸਿੰਘ ਦਿਓਲ, ਬਲਾਕ ਸਮਿਤੀ ਮੈਂਬਰ ਜਗਜੀਤ ਸਿੰਘ ਰਾਣੂ, ਤਰਸੇਮ ਸਿੰਘ ਸਹੋਤਾ, ਰਾਜ ਸਿੰਘ ਫ਼ੌਜੀ, ਦਰਬਾਰਾ ਸਿੰਘ ਦਿਓਲ, ਜਸਵੀਰ ਸਿੰਘ ਰਾਣੂ ਨੇ ਜਿੱਥੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ, ਉੱਥੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਗ਼ਰੀਬ ਪਰਿਵਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਬੁੱਕ ਡਿਪੂ ਨੂੰ ਅੱਗ ਲੱਗੀ
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਇੱਥੇ ਮੱਲੋਕੇ ਰੋਡ ’ਤੇ ਸਥਿਤ ਨਮੋ ਨਰਾਇਣ ਬੁੱਕ ਡਿਪੂ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਬੁੱਕ ਡਿਪੂ ਦੇ ਮਾਲਕ ਸ਼ਿਵਮ ਕਠਪਾਲ ਉਰਫ਼ (ਭੋਲਾ) ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਰਾਤ 9 ਵਜੇ ਮੱਲੋਕੇ ਰੋਡ ਜ਼ੀਰਾ ’ਤੇ ਸਥਿਤ ਆਪਣਾ ਬੁੱਕ ਡਿਪੂ ਬੰਦ ਕਰ ਕੇ ਘਰ ਚਲਾ ਗਿਆ ਸੀ। ਸਵੇਰੇ 6 ਵਜੇ ਉਨ੍ਹਾਂ ਨੂੰ ਫੋਨ ਰਾਹੀਂ ਕਿਸੇ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਬੁੱਕ ਡਿਪੂ ’ਤੇ ਭਿਆਨਕ ਅੱਗ ਲੱਗੀ ਹੋਈ ਹੈ। ਜਦੋਂ ਉਨ੍ਹਾਂ ਮੌਕੇ ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਏ ਸੀ, ਪੱਖੇ, ਫਰਨੀਚਰ ਅਤੇ ਸਾਰੀ ਸਟੇਸ਼ਨਰੀ ਸੜ ਚੁੱਕੀ ਸੀ, ਜਿਸ ਕਾਰਨ ਉਨ੍ਹਾਂ ਦਾ 60 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੀਆਂ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਨੇ ਕਾਫ਼ੀ ਜੱਦੋ-ਜਹਿਦ ਕਰ ਕੇ ਅੱਗ ’ਤੇ ਕਾਬੂ ਪਾਇਆ।

