ਇੱਥੇ ਕੈਂਟ ਇਲਾਕੇ ’ਚ ਸਥਿਤ ਨਵੇਦਿਆ ਸਵੀਟਸ ਐਂਡ ਬੇਕਰਜ਼ ਵਿੱਚ ਏ ਸੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਜਿਸਨੇ ਦੇਖਦਿਆਂ ਹੀ ਦੇਖਦਿਆਂ ਸਾਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਡੀ ਐੱਸ ਪੀ, ਐੱਸ ਐੱਚ ਓ ਕੈਂਟ ਅਤੇ ਫਾਇਰ ਬ੍ਰਿਗੇਡ ਦੀਆਂ 6-7 ਗੱਡੀਆਂ ਮੌਕੇ ’ਤੇ ਪਹੁੰਚੀਆਂ। ਅਸਮਾਨ ਵਿੱਚ ਉੱਠਦਾ ਕਾਲਾ ਧੂੰਆਂ ਅਤੇ ਅੱਗ ਦੀਆਂ ਉੱਚੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਮੁੱਢਲੀ ਜਾਂਚ ਮੁਤਾਬਕ ਹਾਦਸੇ ਦਾ ਮੁੱਖ ਕਾਰਨ ਏ ਸੀ ਵਿੱਚ ਹੋਇਆ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਅੱਗ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਤੱਕ ਫੈਲਣ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹਾਈਡਰੌਲਿਕ ਲਿਫਟਾਂ ਅਤੇ ਜੇ ਸੀ ਬੀ ਦੀ ਮਦਦ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚ ਬਣਾਈ। ਸਭ ਤੋਂ ਰਾਹਤ ਦੀ ਗੱਲ ਇਹ ਰਹੀ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਮਾਰਤ ਦੇ ਅੰਦਰ ਕੋਈ ਵੀ ਗਾਹਕ ਜਾਂ ਮੁਲਾਜ਼ਮ ਮੌਜੂਦ ਨਹੀਂ ਸੀ, ਜਿਸ ਸਦਕਾ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਗੁਆਂਢ ਵਿੱਚ ਸਥਿਤ ਟਾਇਰ ਸ਼ੋਅਰੂਮ ਦੇ ਮਾਲਕਾਂ ਨੇ ਆਪਣਾ ਸਾਮਾਨ ਤੁਰੰਤ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਤਾਂ ਜੋ ਅੱਗ ਅੱਗੇ ਨਾ ਫੈਲ ਸਕੇ।
ਹਾਦਸੇ ਦੇ ਕਾਰਨਾਂ ਦੀ ਜਾਂਚ ਕਰਾਂਗੇ: ਅਧਿਕਾਰੀ
ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਬੁਝਣ ਤੋਂ ਬਾਅਦ ਹੀ ਨੁਕਸਾਨ ਦੇ ਅਸਲ ਅੰਕੜਿਆਂ ਦਾ ਪਤਾ ਲੱਗ ਸਕੇਗਾ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਕਾਨੂੰਨੀ ਜਾਂਚ ਕੀਤੀ ਜਾਵੇਗੀ।

