ਲੰਬੀ (ਇਕਬਾਲ ਸਿੰਘ ਸ਼ਾਂਤ): ਇੱਥੇ ਅੱਜ ਦੇਰ ਸ਼ਾਮ ਬਠਿੰਡਾ-ਬਾਦਲ ਰੋਡ ’ਤੇ ਪਿੰਡ ਖਿਉਵਾਲੀ ਨੇੜੇ ਪੈਟਰੋਲ ਅਤੇ ਡੀਜ਼ਲ ਦਾ ਭਰਿਆ ਤੇਲ ਟੈਂਕਰ ਪਲਟ ਗਿਆ। ਇਸ ਵਿੱਚ ਸਵਾਰ ਡਰਾਈਵਰ ਅਤੇ ਹੋਰ ਵਿਅਕਤੀ ਵਾਲ-ਵਾਲ ਬਚ ਗਏ। ਤੇਲ ਟੈਂਕਰ ਨੰਬਰ ਪੀਬੀ-02ਡੀਵਾਈ/1157 ਬਠਿੰਡਾ ਵਿੱਚ ਸਥਿਤ ਇੰਡੀਅਨ ਆਇਲ ਡਿੱਪੂ ਤੋਂ ਤੇਲ ਰਾਜਸਥਾਨ ਦੇ ਗੁਮਟਾਲ ਵਿੱਚ ਪੈਟਰੋਲ ਪੰਪ ’ਤੇ ਜਾ ਰਿਹਾ ਸੀ। ਡਰਾਈਵਰ ਦਾ ਸੁੰਤਲਨ ਵਿਗੜਨ ’ਤੇ ਟਰਾਲਾ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਿਆ। ਮੌਕੇ ’ਤੇ ਹਾਦਸਾਗ੍ਰਸਤ ਟੈਂਕਰ ਦੇ ਦੋ ਟੈਂਕਾਂ ਵਿੱਚ ਭਰਿਆ ਪਟਰੋਲ ਅਤੇ ਡੀਜ਼ਲ ਰਿਸਣ ਲੱਗਿਆ। ਸੂਚਨਾ ਮਿਲਣ ’ਤੇ ਲੰਬੀ ਥਾਣਾ ਦੇ ਸਬ ਇੰਸਪੈਕਟਰ ਪ੍ਰੇਮ ਚੰਦ ਪੁਲੀਸ ਅਮਲੇ ਸਮੇਤ ਮੌਕੇ ’ਤੇ ਪੁੱਜ ਗਏ। ਇਸ ਮਗਰੋਂ ਇਹਤਿਆਤ ਵਜੋਂ ਐਂਬੂਲੈਂਸ ਵੀ ਮੰਗਵਾ ਲਈ ਗਈ। ਸਬ ਇੱਸਪੈਕਟਰ ਪ੍ਰੇਮ ਚੰਦ ਅਨੁਸਾਰ ਡਰਾਈਵਰ ਕੇਵਲ ਸਿੰਘ ਅਤੇ ਉਸ ਦੇ ਨਾਲ ਸਵਾਰ ਤਿੰਨ-ਚਾਰ ਜਣਿਆਂ ਦੇ ਸੱਟਾਂ ਵੱਜਣ ਤੋਂ ਬਚਾਅ ਹੋ ਗਿਆ।