ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫ਼ਿਰੋਜ਼ਪੁਰ: ਆਸ਼ੂ ਕਤਲ ਕੇਸ ’ਚ ਪਿਓ-ਪੁੱਤ ਗ੍ਰਿਫ਼ਤਾਰ

ਸੱਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ; ਵਿਦੇਸ਼ ਬੈਠਾ ਗੈਂਗਸਟਰ ਵੀ ਮਾਮਲੇ ’ਚ ਸ਼ਾਮਲ
ਫ਼ਿਰੋਜ਼ਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ।
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 6 ਜੂਨ

Advertisement

ਇਥੇ ਮਖੂ ਗੇਟ ਇਲਾਕੇ ’ਚ ਕੱਲ੍ਹ ਵਾਪਰੇ ਆਸ਼ੂ ਮੋਂਗਾ ਕਤਲ ਕਾਂਡ ਦੇ ਮਾਮਲੇ ਵਿੱਚ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਕੁੱਲ 7 ਮੁਲਜ਼ਮ ਸ਼ਾਮਲ ਹਨ ਜਿਨ੍ਹਾਂ ਵਿੱਚ ਵਿਦੇਸ਼ ਵਿੱਚ ਬੈਠਾ ਨਾਮੀ ਗੈਂਗਸਟਰ ਆਸ਼ੀਸ਼ ਚੋਪੜਾ ਦਾ ਨਾਮ ਵੀ ਬੋਲਦਾ ਹੈ। ਥਾਣਾ ਸਿਟੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੋਗਿੰਦਰ ਸਿੰਘ ਉਰਫ਼ ਲਾਲੂ ਅਤੇ ਉਸ ਦੇ ਪੁੱਤਰ ਅੰਗਰੇਜ਼ ਸਿੰਘ ਵਜੋਂ ਹੋਈ ਹੈ।

ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ ਅਤੇ ਮ੍ਰਿਤਕ ਆਸ਼ੂ ਮੋਂਗਾ ਦੀ ਪਤਨੀ ਪਵਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਜੋਗਿੰਦਰ ਸਿੰਘ ਦੇ ਦੋ ਹੋਰ ਪੁੱਤਰ, ਗੁਰਦਿੱਤ ਸਿੰਘ ਅਤੇ ਅਮਰੀਕ ਸਿੰਘ, ਵੀ ਨਾਮਜ਼ਦ ਹਨ, ਪਰ ਉਹ ਅਜੇ ਫ਼ਰਾਰ ਹਨ। ਇਸ ਤੋਂ ਇਲਾਵਾ, ਸ਼ਿਵਮ ਸਹਿਗਲ, ਯੁਵਰਾਜ ਉਰਫ਼ ਯੁਵੀ, ਅਤੇ 4-5 ਅਣਪਛਾਤੇ ਵਿਅਕਤੀਆਂ ਨੂੰ ਵੀ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਦੂਜੇ ਪਾਸੇ, ਇਸੇ ਘਟਨਾ ਨਾਲ ਸਬੰਧਤ ਇੱਕ ਕਰਾਸ ਕੇਸ ਵੀ ਦਰਜ ਕੀਤਾ ਗਿਆ ਹੈ। ਪਿੰਡ ਇੱਛੇਵਾਲਾ ਦੇ ਅਰਸ਼ਦੀਪ ਦੇ ਬਿਆਨਾਂ ’ਤੇ ਦਰਜ ਕੀਤੇ ਗਏ ਇਸ ਕਰਾਸ ਕੇਸ ਵਿੱਚ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਇਸ ਕੇਸ ਵਿੱਚ ਮ੍ਰਿਤਕ ਆਸ਼ੂ ਮੋਂਗਾ ਸਮੇਤ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗੁਰਜਿੰਦਰ ਸਿੰਘ ਉਰਫ਼ ਗੁਰੀ, ਸਰਬਜੀਤ ਨੱਢਾ ਉਰਫ਼ ਸਾਬ੍ਹਾ, ਲੱਖਾ, ਅਮਰਜੀਤ ਸਿੰਘ, ਅਤੇ ਦੇਵ ਸ਼ਰਮਾ ਸ਼ਾਮਲ ਹਨ। ਇਹਨਾਂ ਵਿਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਘਟਨਾ ਦੇ ਪਿਛੋਕੜ ਬਾਰੇ ਦੱਸਦਿਆਂ ਐੱਸਐੱਸਪੀ ਨੇ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਆਸ਼ੂ ਮੋਂਗਾ ਅਤੇ ਯੁਵਰਾਜ ਯੁਵੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਦੌਰਾਨ ਦੋਵਾਂ ਨੇ ਇੱਕ ਦੂਜੇ ਦੀਆਂ ਪਤਨੀਆਂ ਬਾਰੇ ਅਪਸ਼ਬਦ ਵਰਤੇ ਸਨ। ਇਸੇ ਰੰਜਿਸ਼ ਕਾਰਨ ਕੱਲ੍ਹ ਆਸ਼ੂ ਮੋਂਗਾ ਆਪਣੇ ਸਾਥੀਆਂ ਦੇ ਨਾਲ ਯੁਵਰਾਜ ਤੋਂ ਬਦਲਾ ਲੈਣ ਲਈ ਟੈਟੂ ਵਾਲੀ ਦੁਕਾਨ ’ਤੇ ਪਹੁੰਚਿਆ ਤੇ ਫ਼ਿਰ ਤੋਂ ਦੋਵਾਂ ਵਿਚਾਲੇ ਤਕਰਾਰ ਹੋਈ ਅਤੇ ਯੁਵਰਾਜ ਵੱਲੋਂ ਚਲਾਈ ਗਈ ਗੋਲੀ ਨਾਲ ਆਸ਼ੂ ਮੋਂਗਾ ਦੀ ਮੌਤ ਹੋ ਗਈ।

ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਹਵਾਲਾ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਜੋ ਮੁਲਜ਼ਮ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ, ਉਹ ਆਸ਼ੂ ਮੋਂਗਾ ਦੇ ਹੀ ਸਾਥੀ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਆਸ਼ੂ ਮੋਂਗਾ ਦੇ ਖ਼ਿਲਾਫ਼ ਵੀ ਪਹਿਲਾਂ ਅਸਲਾ ਐਕਟ ਤਹਿਤ ਕੇਸ ਦਰਜ ਹੋ ਚੁੱਕਾ ਹੈ।

ਪੁਲੀਸ ਨੇ ਦੋਵਾਂ ਕੇਸਾਂ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲੀਸ ਦਾ ਸਾਥ ਦੇਣ ਵਾਲੇ ਵਿਅਕਤੀਆਂ ਨੂੰ ਉਚਿਤ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

 

Advertisement