ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਫਾਜ਼ਿਲਕਾ ਪੁਲੀਸ ਦੀ ਟੀਮ ਵੱਲੋਂ ਤਿੰਨ ਵਿਅਕਤੀਆਂ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਪੁਲੀਸ ਦੇ ਜ਼ਿਲ੍ਹਾ ਹੈੱਡਕੁਆਰਟਰ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਬੀਤੀ 29 ਸਤੰਬਰ ਨੂੰ ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ ਸੀ ਆਈ ਏ ਫਾਜ਼ਿਲਕਾ ਦੀ ਅਗਵਾਈ ਹੇਠ ਏ ਐੱਸ ਆਈ ਰਣਜੀਤ ਸਿੰਘ ਸਮੇਤ ਪੁਲੀਸ ਪਾਰਟੀ ਜਦੋਂ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁੰਨਕੀਆਂ) ਤੋਂ ਅੱਗੇ ਢਾਣੀ ਬਚਨ ਸਿੰਘ ਤੋਂ ਭਾਰਤ-ਪਾਕਿਸਤਾਨ ਸਰਹੱਦ ਵੱਲ ਜਾਂਦੇ ਕੱਚੇ ਰਸਤੇ ਦੇ ਟੀ-ਪੁਆਇੰਟ ਨੇੜੇ ਪੁੱਜੀ ਤਾਂ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਕੋਲ ਤਿੰਨ ਵਿਅਕਤੀ ਸ਼ੱਕੀ ਹਾਲਤ ਵਿੱਚ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਨੇ ਪਲਾਸਟਿਕ ਦਾ ਗੱਟਾ ਫੜਿਆ ਹੋਇਆ ਸੀ। ਉਹ ਪੁਲੀਸ ਨੂੰ ਦੇਖ ਕੇ ਮੋਟਰ ਵਾਲੇ ਕਮਰੇ ਦੀ ਆੜ ਵਿੱਚ ਛੁਪਣ ਦੀ ਕੋਸ਼ਿਸ਼ ਕਰਨ ਲੱਗੇ ਜਿਸ ’ਤੇ ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਸੰਜੀਵ ਸਿੰਘ ਉਰਫ਼ ਸੰਜੂ, ਧੀਰਜਪਾਲ ਉਰਫ਼ ਧੀਰਜ ਅਤੇ ਮਨਦੀਪ ਸਿੰਘ ਉਰਫ਼ ਦੀਪੀ ਵਾਸੀਆਨ ਜੱਲਾ ਲੱਖੇ ਕੇ ਹਿਠਾੜ, ਥਾਣਾ ਸਦਰ ਜਲਾਲਾਬਾਦ ਵਜੋਂ ਹੋਈ ਹੈ। ਇਨ੍ਹਾਂ ਵਿਅਕਤੀਆਂ ਕੋਲ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਜ਼ਾਹਰ ਹੋਣ ’ਤੇ ਮੌਕੇ ਉੱਤੇ ਲਵਦੀਪ ਸਿੰਘ, ਕਪਤਾਨ ਪੁਲੀਸ ਸਬ-ਡਿਵੀਜ਼ਨ ਜਲਾਲਾਬਾਦ ਨੂੰ ਮੌਕੇ ’ਤੇ ਬੁਲਾ ਕੇ ਪੁਲੀਸ ਪਾਰਟੀ ਵੱਲੋਂ ਉਨ੍ਹਾਂ ਪਾਸ ਮੌਜੂਦ ਗੱਟੇ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ 4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ’ਚ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਵਿੱਚ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਸਕਰਾਂ ਵੱਲੋਂ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਇਸ ਤੋਂ ਪਹਿਲਾਂ ਇਹ ਤਸਕਰ ਫ਼ਿਰੋਜ਼ਪੁਰ ਦੇ ਕੁੱਲਗੜ੍ਹੀ ਦੇ ਤਸਕਰ ਰਾਹੀਂ ਨਸ਼ਾ ਤਸਕਰੀ ਕਰਦੇ ਸਨ, ਜੋ ਪਿਛਲੇ ਦਿਨੀਂ ਫ਼ਿਰੋਜ਼ਪੁਰ ਪੁਲੀਸ ਵੱਲੋਂ ਫੜੇ ਜਾਣ ’ਤੇ ਜੇਲ੍ਹ ’ਚ ਬੰਦ ਹੈ।

