Fazilka Farmers Protest: ਕਿਸਾਨਾਂ ਨੇ ਬੰਨ੍ਹ ਲਈ ਲਾਈਆਂ ਬੁਰਜੀਆਂ ਪੁੱਟੀਆਂ
ਧਰਨਾਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ
ਇੱਥੋਂ ਦੇ ਸਰਹੱਦੀ ਖੇਤਰ ਦੇ 40 ਤੋਂ 50 ਕਿਲੋਮੀਟਰ ਦੇ ਖੇਤਰ ਵਿੱਚ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਡਿਫੈਂਸ ਬੰਨ੍ਹ ਬਣਾਉਣ ਨੂੰ ਲੈ ਕੇ ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਰੋਹ ਵਧ ਗਿਆ ਹੈ। ਇਸ ਸਬੰਧੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੋਰਚਾ ਖੋਲ੍ਹਿਆ ਹੋਇਆ ਹੈ। ਅੱਜ ਮੋਰਚੇ ਦੌਰਾਨ ਹਰੀਸ਼ ਨੱਢਾ, ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਡਾਕਟਰ ਸੁਖਚੈਨ ਸਿੰਘ ਸੈਦੋਕਾ, ਕਿਸਾਨ ਆਗੂ ਭਜਨ ਲਾਲ ਲਾਧੂਕਾ, ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਹਰਮੰਦਰ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਅਤੇ ਕਲਾਕਾਰ ਧੀਰਾ ਬਰਾੜ ਦੀ ਅਗਵਾਈ ਹੇਠ ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਡਿਫੈਂਸ ਬੰਨ੍ਹ ਬਣਾਉਣ ਲਈ ਲਗਾਈਆਂ ਬੁਰਜੀਆਂ ਪੁੱਟ ਦਿੱਤੀਆਂ। ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਸਹਿਮਤੀ ਅਤੇ ਉਨ੍ਹਾਂ ਦੀ ਜ਼ਮੀਨੀ ਹਕੀਕਤ ਜਾਣਨ ਤੋਂ ਬਿਨਾਂ ਇਹ ਬੁਰਜੀਆਂ ਲਾਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਅਤੇ ਸਰਹੱਦ ’ਤੇ ਕੱਢੀ ਗਈ ਨਹਿਰ ਅਤੇ ਬਣੇ ਹੋਏ ਮੋਰਚਿਆਂ ਵਿੱਚ ਆਈ ਹੋਈ ਹੈ। ਸਰਕਾਰਾਂ ਨੂੰ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਪਹਿਲਾਂ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ, ਮਗਰੋਂ ਡਿਫੈਂਸ ਬਣਾਉਣ ਬਾਰੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਫੈਸਲਾ ਲੈਣਾ ਚਾਹੀਦਾ ਹੈ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਡਿਫੈਂਸ ਬੰਨ੍ਹ ਜ਼ਬਰਦਸਤੀ ਬਣਾਇਆ ਜਾਂਦਾ ਹੈ ਤਾਂ ਇਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

