ਇਕਬਾਲ ਸਿੰਘ ਸ਼ਾਂਤ
ਲੰਬੀ, 4 ਜੁਲਾਈ
ਪੁਲੀਸ ਤੋਂ ਇਨਸਾਫ਼ ਨਾ ਮਿਲਣ ਤੋਂ ਖਫ਼ਾ ਪਿੰਡ ਸ਼ੇਰਾਂਵਾਲੀ ਵਾਸੀ ਪਿਓ-ਧੀ ਮੰਡੀ ਕਿੱਲਿਆਂਵਾਲੀ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ। ਉਨ੍ਹਾਂ ਟੈਂਕੀ ਤੋਂ ਖੁਦਕੁਸ਼ੀ ਦੀ ਚਿਤਾਵਨੀ ਦਿੱਤੀ, ਜਿਸ ਕਰਕੇ ਪੁਲੀਸ ਦੀ ਜਾਨ ਕਰੀਬ ਦੋ ਘੰਟੇ ਤੱਕ ਕੁੜਿੱਕੀ ’ਚ ਫਸੀ ਰਹੀ। ਇਹ ਮਾਮਲਾ ਪਿੰਡ ਸ਼ੇਰਾਂਵਾਲਾ ਵਿੱਚ ਪੀੜਤ ਰਮੇਸ਼ ਕੁਮਾਰ ਦੇ ਘਰ ਵਿੱਚ ਕਿਸੇ ਵਿਅਕਤੀ ਵੱਲੋਂ ਦੁੱਧ ’ਚ ਜ਼ਹਿਰ ਪਾਉਣ ਅਤੇ ਨਸ਼ੇ ਦੀਆਂ ਗੋਲੀਆਂ ਰੱਖਣ ਨਾਲ ਜੁੜਿਆ ਹੋਇਆ ਹੈ ਜਿਸ ਸਬੰਧੀ ਦਰਜ ਮੁਕੱਦਮੇ ’ਚ ਥਾਣਾ ਲੰਬੀ ਵੱਲੋਂ ਨਾਮਜ਼ਦ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਬੀਤੀ 24 ਅਪਰੈਲ ਤੋਂ ਜਾਂਚ ਡੀਐੱਸਪੀ ਲੰਬੀ ਜਸਪਾਲ ਸਿੰਘ ਕੋਲ ਪੈਂਡਿੰਗ ਹੈ। ਰਮੇਸ਼ ਕੁਮਾਰ ਦਾ ਦੋਸ਼ ਹੈ ਕਿ ਸਾਰੇ ਸਬੂਤ ਸੌਂਪਣ ਦੇ ਬਾਵਜੂਦ ਡੀਐੱਸਪੀ ਦਫ਼ਤਰ ਵੱਲੋਂ ਜਾਂਚ ਨੂੰ ਜਾਣ-ਬੁੱਝ ਕੇ ਲਮਕਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਕੌਰ ਮੌਕੇ ’ਤੇ ਪੁੱਜ ਗਏ। ਦੋਵੇਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਮਸਾਂ ਹੇਠਾਂ ਉਤਾਰਿਆ। ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੋਬਾਇਲ ਕਾਲ ਦੀ ਸੀਡੀਆਰ ਆ ਗਈ। ਕਾਲ ਡੀਟੇਲ ਦੀਆਂ ਕੜੀਆਂ ਜੋੜ ਕੇ ਹਫ਼ਤੇ ਅੰਦਰ ਪੜਤਾਲ ਨੂੰ ਮੁਕੰਮਲ ਕਰ ਲਿਆ ਜਾਵੇਗੀ। ਉਨ੍ਹਾਂ ਕਿਹਾ ਕਿ ਪਿਓ-ਧੀ ਤੋਂ ਟੈਂਕੀ ਤੋਂ ਉਤਾਰ ਕੇ ਕਾਨੂੰਨ ’ਤੇ ਨਿਰਪੱਖ ਇਨਸਾਫ਼ ਦਾ ਭਰੋਸਾ ਲਈ ਕਿਹਾ ਹੈ।