ਕਿਸਾਨ ਜਥੇਬੰਦੀ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ

ਕਿਸਾਨ ਜਥੇਬੰਦੀ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ

ਪੁਲੀਸ ਚੌਕੀ ਠੂਠਿਆਂਵਾਲੀ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਾ ਇੱਕ ਕਿਸਾਨ ਆਗੂ। -ਫੋਟੋ:ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਕਤੂਬਰ

ਮਾਨਸਾ ਸਥਿਤ ਠੂਠਿਆਂਵਾਲੀ ਪੁਲੀਸ ਚੌਕੀ ਸਾਹਮਣੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ‘ਤੇ ਹੋਏ ਕਾਤਲਾਨਾ ਹਮਲੇ ਦੇ ਕਸੂਰਵਾਰਾਂ ਨੂੰ ਫੜਨ ਲਈ ਪੁਲੀਸ ਨੇ ਸੁਸਤੀ ਧਾਰੀ ਹੋਈ ਹੈ ਅਤੇ ਜਥੇਬੰਦਕ ਤੌਰ ‘ਤੇ ਕੀਤੀਆਂ ਅਪੀਲਾਂ-ਦਲੀਲਾਂ ਦਾ ਪੁਲੀਸ ਅਧਿਕਾਰੀਆਂ ਵੱਲੋਂ ਕੋਈ ਮੁੱਲ ਨਹੀਂ ਪਾਇਆ ਜਾ ਰਿਹਾ ਹੈ ਜਿਸ ਤੋਂ ਅੱਕ ਕੇ ਧਰਨਾ ਦੇਣ ਵਰਗੇ ਪ੍ਰੋਗਰਾਮ ਉਲੀਕਣੇ ਪੈ ਗਏ ਹਨ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਪਾਲ ਸਿੰਘ ਉੱਭਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ ਗਏ ਹਨ, ਉਨ੍ਹਾਂ ਦੇ ਵਿਰੋਧ ਵਿੱਚ ਚੱਲ ਰਹੇ ਲਗਾਤਾਰ ਧਰਨੇ ਵਿੱਚ ਹਿੱਸਾ ਲੈਣ ਮਗਰੋਂ ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਪਿਛਲੀ 11 ਅਕਤੂਬਰ ਮਾਨਸਾ ਤੋਂ ਰਾਤੀਂ ਆਪਣੇ ਪਿੰਡ ਭੈਣੀਬਾਘਾ ਨੂੰ ਮੋਟਰਸਾਈਕਲ ‘ਤੇ ਜਾ ਰਹੇ ਸਨ। ਇਸੇ ਦੌਰਾਨ ਠੂਠਿਆਂਵਾਲੀ ਰੋਡ ‘ਤੇ ਕੁਸ਼ਟ ਆਸ਼ਰਮ ਨੇੜੇ 4 ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਗੋਰਾ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਐੱਫਆਈਆਰ ਕਸੂਰਵਾਰਾਂ ਦੇ ਨਾਵਾਂ ਸਮੇਤ ਪੁਲੀਸ ਚੌਕੀ ਠੂਠਿਆਂਵਾਲੀ ਵਿੱਚ 11 ਅਕਤੂਬਰ ਨੂੰ ਹੀ ਲਿਖਵਾ ਦਿੱਤੀ ਗਈ ਸੀ, ਪਰ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਕਸੂਰਵਾਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 4 ਨਾਮਜ਼ਦ ਕਸੂਰਵਾਰਾਂ ਵਿੱਚੋਂ ਇੱਕ ਵਿਅਕਤੀ ਦੀ ਵੀ ਗ੍ਰਿਫ਼ਤਾਰੀ ਨਹੀਂ ਕੀਤੀ, ਜਿਸ ਦਾ ਸਿੱਧਾ ਮਤਲਬ ਹੈ ਕਿ ਪੁਲੀਸ ਦੋਸ਼ੀਆਂ ਦੀ ਮੱਦਦ ਕਰ ਰਹੀ ਹੈ।

ਇਸੇ ਦੌਰਾਨ ਥਾਣਾ ਸਦਰ ਮਾਨਸਾ ਦੇ ਐੱਸਐੱਚਓ ਨੇ ਅੱਜ ਧਰਨੇ ਵਿੱਚ ਆ ਕੇ ਭਰੋਸਾ ਦਿੱਤਾ ਹੈ ਕਿ ਕਸੂਰਵਾਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਭਰੋਸੇ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਦਿੱਤਾ ਜਾਵੇ। ਇਸ ਮੌਕੇ ਰਾਮਫਲ ਸਿੰਘ ਚੱਕ ਅਲੀਸ਼ੇਰ, ਕਰਨੈਲ ਸਿੰਘ ਮਾਨਸਾ, ਹਰਜਿੰਦਰ ਸਿੰਘ ਮਾਨਸ਼ਾਹੀਆ, ਜਰਨੈਲ ਸਿੰਘ ਖਿਆਲਾ, ਜਗਜੀਤ ਸਿੰਘ ਜੋਗਾ, ਲੱਖਾ ਸਿੰਘ ਭੈਣੀਬਾਘਾ, ਭੱਪਾ ਸਿੰਘ ਖਿਆਲਾ, ਕੇਵਲ ਸਿੰਘ ਹੀਰੇਵਾਲਾ, ਰਣਜੀਤ ਸਿੰਘ ਤਾਮਕੋਟ, ਹਾਕਮ ਸਿੰਘ ਝੁਨੀਰ, ਸੁਖਦੇਵ ਸਿੰਘ ਅਤਲਾ ਅਤੇ ਭੋਲਾ ਸਿੰਘ ਸਮਾਉਂ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All