ਕਣਕ ਦੀ ਅਗੇਤੀ ਬਿਜਾਈ ਵਾਲੇ ਕਿਸਾਨ ਫ਼ਿਕਰਮੰਦ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਕਾਰਨ ਮਾਲਵਾ ਪੱਟੀ ’ਚ ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਫ਼ਿਕਰਮੰਦ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਸੁਪਰ ਸੀਡਰ ਜਾਂ ਜ਼ੀਰੋ ਡਰਿੱਲ ਨਾਲ ਬੀਜੀ ਕਣਕ ਉੱਪਰ ਪੁੰਗਰਨ ਸਮੇਂ ਹੀ ਸੁੰਡੀ ਦਾ ਮਾਰੂ ਹਮਲਾ ਹੋ ਜਾਂਦਾ ਹੈ। ਕਿਸਾਨ ਗੁਰਦੇਵ ਸਿੰਘ, ਬਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਝੋਨੇ ਵਾਲੇ ਖੇਤਾਂ ਵਿੱਚ ਸੁੰਡੀ ਦੇ ਅੰਡੇ ਵੱਡੀ ਮਾਤਰਾ ’ਚ ਜਮ੍ਹਾਂ ਰਹਿੰਦੇ ਹਨ। ਇਨ੍ਹਾਂ ਵਿਚਲੇ ਜੀਵ ਕਣਕ ਦੇ ਪੁੰਗਰਨ ਸਮੇਂ ਹੀ ਬੂਟੇ ਖਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੰਘੇ ਤਿੰਨ ਸਾਲਾਂ ਦੌਰਾਨ ਅੱਗ ਲਾਉਣ ਵਾਲੇ ਖੇਤਾਂ ਵਿੱਚ ਕਣਕ ਦੀ ਫ਼ਸਲ ਉੱਪਰ ਸੁੰਡੀ ਦਾ ਮਾਰੂ ਹਮਲਾ ਹੁੰਦਾ ਰਿਹਾ ਹੈ। ਕਿਸਾਨਾਂ ਦੱਸਿਆ ਕਿ ਅੱਗ ਲਾਉਣ ਦੀ ਥਾਂ ਪਰਾਲੀ ਨੂੰ ਚੌਪਰ ਨਾਲ ਕੁਤਰ ਕੇ ਰੋਟਾਵੇਟਰ ਦੀ ਵਰਤੋਂ ਉਪਰੰਤ ਕਣਕ ਸੁੰਡੀ ਦੇ ਹਮਲੇ ਤੋ ਬਚ ਸਕਦੀ ਹੈ। ਇਹ ਤਕਨੀਕ ਮਹਿੰਗੀ ਪੈਦੀ ਹੈ ਇਸ ਨਾਲ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ। ਸੁੰਡੀ ਤੋਂ ਬਚਾਅ ਵਾਸਤੇ ਕਿਸਾਨ ਸਪਰੇਅ ਕਰ ਰਹੇ ਹਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ 10 ਨਵੰਬਰ ਤੱਕ ਕਣਕ ਦੀ ਬਿਜਾਈ ਸ਼ੁਰੂ ਨਹੀ ਕਰਨੀ ਚਾਹੀਦੀ। ਇਸ ਨਾਲ ਫ਼ਸਲ ’ਤੇ ਸੁੰਡੀ ਦਾ ਹਮਲਾ ਵੀ ਨਹੀ ਹੁੰਦਾ ਅਤੇ ਪੈਦਾਵਾਰ ਵੀ ਠੀਕ ਰਹਿੰਦੀ ਹੈ।
