ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 24 ਅਕਤੂਬਰ
ਇਥੋਂ ਦੇ ਰਿਲਾਇੰਸ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਧਰਨਾ ਜੰਥੇਬੰਦੀ ਦੇ (ਬਲਾਕ) ਕਾਰਜਕਾਰੀ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਲਗਾਤਾਰ ਜਾਰੀ ਹੈ ਅਤੇ ਇਸ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਹਨ। ਧਰਨੇ ਦੌਰਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਬੁਢਲਾਡਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਅਡਾਨੀ, ਅੰਬਾਨੀ ਤੇ ਮੋਦੀ ਦਾ ਰਾਵਣ ਰੂਪੀ ਪੁਤਲਾ ਫੂਕਿਆ ਜਾਵੇਗਾ।
ਮਹਿਲ ਕਲਾਂ (ਨਵਕਿਰਨ ਸਿੰਘ): ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਪੈਂਦੇ ਟੌਲ ਪਲਾਜ਼ਾ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ ਅਤੇ ਕਿਸਾਨਾਂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨਾਂ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਮਹਿਲ ਕਲਾਂ ਅਤੇ ਜੱਗਾ ਸਿੰਘ ਛਾਪਾ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮੁੱਖ ਮਾਰਗ ‘ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਇਆ ਧਰਨਾ ਵੀ ਅੱਜ ਜਾਰੀ ਰਿਹਾ।
ਬੁਢਲਾਡਾ (ਐੱਨ.ਪੀ ਸਿੰਘ): ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੇ ਸੰਘਰਸ਼ ਨੂੰ ਅੱਜ 24ਵਾਂ ਦਿਨ ਹੋ ਗਿਆ ਹੈ ਤੇ ਇਥੋਂ ਦੇ ਰਿਲਾਇੰਸ ਪੰਪ ’ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਛੱਜੂ ਰਾਮ ਰਿਸ਼ੀ ਤੇ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ ਨੇ ਸੰਬੋਧਨ ਕੀਤਾ।
ਜਨਤਕ ਜਥੇਬੰਦੀਆਂ ਵੱਲੋਂ ਦਸਹਿਰੇ ਵਿੱਚ ਸ਼ਾਮਲ ਹੋਣ ਦਾ ਸੱਦਾ
ਡੱਬਵਾਲੀ/ਲੰਬੀ (ਇਕਬਾਲ ਸਿੰਘ ਸ਼ਾਂਤ): ਡੱਬਵਾਲੀ ਵਿੱਚ ਕਰੋਨਾ ਮਹਾਮਾਰੀ ਕਾਰਨ ਰਾਮਲੀਲਾ ਕਮੇਟੀ ਵੱਲੋਂ ਰਵਾਇਤੀ ਦਸਹਿਰਾ ਨਹੀਂ ਮਨਾਇਆ ਜਾ ਰਿਹਾ ਬਲਕਿ ਇਸ ਵਾਰ ਭਾਕਿਯੂ ਏਕਤਾ ਉਗਰਾਹਾਂ ਦੇ ਸੱਦੇ ’ਤੇ ਮੰਡੀ ਕਿੱਲਿਆਂਵਾਲੀ ਦੇ ਮਾਲਵਾ ਰੋਡ ’ਤੇ ਲੋਕ ਸੰਘਰਸ਼ਾਂ ਦੇ ਭਖਾਅ ਤਹਿਤ ਮੌਜੂਦਾ ਸਿਆਸੀ, ਕਾਰਪੋਰੇਟ ਅਤੇ ਸਾਮਰਾਜੀ ਬਦੀ ਦੀ ਤਿੱਕੜੀ ਦਾ ਬੁੱਤ ਸਾੜਿਆ ਜਾਵੇਗਾ, ਜਿਸ ਵਿੱਚ ਤ੍ਰਿਰਵੇਣੀ ਖੇਤਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਣਗੇ। ਇਸੇ ਤਹਿਤ ਅੱਜ ਭਾਕਿਯੂ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਵਿੱਚ ਸੱਦਾ ਮਾਰਚ ਕੱਢਿਆ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਸਹਿਰੇ ਮੌਕੇ ਕੇਂਦਰ ਸਰਕਾਰ ਅਤੇ ਪੂੰਜੀਪਤੀਆਂ ਦੇ ਪੁਤਲੇ ਫੂਕਣ ਲਈ ਰੱਖੇ ਸੰਘਰਸ਼ੀ ਸਮਾਗਮ ਵਿੱਚ ਵੱਡਾ ਇਕੱਠ ਜੁਟਾਉਣ ਲਈ ਹਰ ਵਰਗ ਦੇ ਸ਼ਹਿਰੀ ਨੂੰ ਸਪੀਕਰ ਰਾਹੀਂ ਮੁਨਾਦੀ ਕਰ ਕੇ ਸ਼ਾਮਲ ਹੋਣ ਸੱਦਾ ਦਿੱਤਾ ਗਿਆ। ਇਸ ਦੌਰਾਨ ਕਿਸਾਨ ਕਾਰਕੁਨਾਂ ਨੇ ਮੁਸਲਿਮ ਭਾਈਚਾਰੇ ਨੂੰ ਦਸਹਿਰੇ ਮੌਕੇ ਬੱਸ ਅੱਡੇ ਨੇੜੇ ਮਿਉਂਸਿਪਲ ਪਾਰਕ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।
ਕਿਸਾਨ ਯੂਨੀਅਨ ਵੱਲੋਂ ਨੁੱਕੜ ਮੀਟਿੰਗਾਂ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਅਤੇ ਬਿਜਲੀ ਕਾਨੂੰਨਾਂ ਦੇ ਵਿਰੋਧ ਵਿਚ ਵਿੱਢੇ ਗਏ ਸੰਘਰਸ਼ ਤਹਿਤ 25 ਅਕਤੂਬਰ ਨੂੰ ਦਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਭਗਤਾ ਭਾਈ ਵਿੱਚ ਕਾਰੋਬਾਰੀਆਂ ਅਤੇ ਸੰਸਥਾਵਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਸਬੰਧੀ ਕਿਸਾਨ ਆਗੂ ਜਸਪਾਲ ਸਿੰਘ ਪਾਲਾ ਅਤੇ ਸੁਖਜੀਤ ਸਿੰਘ ਕੋਠਾਗੁਰੂ ਨੇ ਦੱਸਿਆ ਕਿ 25 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਭਗਤਾ ਭਾਈ ਵਿੱਚ ਪ੍ਰਧਾਨ ਮੰਤਰੀ ਸਣੇ ਅੰਬਾਨੀ, ਅਡਾਨੀ ਦੇ ਪੁਤਲੇ ਸਾੜੇ ਜਾ ਰਹੇ ਹਨ, ਜਿਸ ਵਿੱਚ ਪ੍ਰਸਿੱਧ ਇਨਕਲਾਬੀ ਕਲਾਕਾਰ ਜਗਸੀਰ ਜੀਦਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।
ਮਹਿਰਾਜ ਵਾਸੀ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਪਿੰਡ ਮਹਿਰਾਜ ਦੇ ਨੌਜਵਾਨਾਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਾਮਬੰਦੀ ਕਰ ਲਈ ਹੈ। ਪਿੰਡ ਵਿਚ ਇਕੱਠ ਕਰਕੇ ‘ਮਹਿਰਾਜ ਨੌਜਵਾਨ ਏਕਤਾ’ ਨਾਮੀ ਜਥੇਬੰਦੀ ਦਾ ਐਲਾਨ ਕਰਦਿਆਂ ਯੋਧਾ ਸਿੱਧੂ, ਰਮਨਿੰਦਰ ਸਿੰਘ, ਲੱਖਾ ਨੰਬਰਦਾਰ, ਸੀਰਾ ਮੌਲਾਨਾ, ਬੱਬਲ ਮਹਿਰਾਜ ਤੇ ਲਾਡੀ ਨੇ ਲੋਕਾਂ ਤੋਂ ਅਹਿਦ ਕਰਵਾਇਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਸਾਰੇ ਭੇਦਭਾਵ ਮਿਟਾ ਕੇ ਕੀਤਾ ਜਾਵੇਗਾ। ਨੌਜਵਾਨਾਂ ਨੇ ਦੱਸਿਆ ਕਿ ਪਿੰਡ ਵੱਡਾ ਹੋਣ ਵੱਖ-ਵੱਖ ਪੱਤੀ ਵਾਸੀਆਂ ਦੀ ਧਰਨੇ ‘ਤੇ ਜਾਣ ਲਈ ਡਿਊਟੀ ਲਗਾ ਦਿੱਤੀ ਗਈ ਹੈ। ਉਧਰ ਇਹ ਵੀ ਪਤਾ ਲੱਗਾ ਹੈ ਕਿ ਰੋਜ਼ਾਨਾ ਪੰਜ ਟਰਾਲੀਆਂ ਪਿੰਡ ਵਿਚੋਂ ਧਰਨੇ ਲਈ ਜਾ ਰਹੀਆਂ ਹਨ।