ਬਿਜਲੀ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਕਮਾਲਾ ਮਿੱਡੂ ਗਰਿੱਡ ਘੇਰਿਆ
ਮਾਝਾ-ਮਾਲਵਾ ਨੂੰ ਜੋੜਦੇ ਪੁਲ ’ਤੇ ਆਵਾਜਾਈ ਬੰਦ ਕਰਨ ਦੀ ਚਿਤਾਵਨੀ; ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ
ਬਿਜਲੀ ਦੇ ਲਗਾਤਾਰ ਲੱਗਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਕਮਾਲਾ ਮਿੱਡੂ ਗਰਿੱਡ ਅੱਗੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਮਝੈਲ ਦੀ ਅਗਵਾਈ ਹੇਠ ਲਾਏ ਧਰਨੇ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਵਿੱਚ ਪਿੰਡ ਰੁਕਨੇ ਵਾਲਾ, ਕਮਾਲੇਵਾਲਾ, ਹਾਮਦ ਚੱਕ, ਕੁਤਬਦੀਨ ਵਾਲਾ, ਕਾਲੇ ਕੀਆਂ ਬਹਿਕਾਂ, ਦੁਲੇਵਾਲਾ ਸਣੇ ਕਈ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਾਮਲ ਹੋਏ। ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਮੀਤ ਪ੍ਰਧਾਨ ਹੀਰਾ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਤੇ ਬਿਨਾਂ ਸੂਚਨਾ ਦਿੱਤੇ ਬਿਜਲੀ ਕੱਟ ਲੱਗਣ ਕਾਰਨ ਝੋਨੇ ਦੀ ਫ਼ਸਲ ਨੂੰ ਪਾਣੀ ਨਹੀਂ ਮਿਲ ਰਿਹਾ, ਜਿਸ ਨਾਲ ਫ਼ਸਲ ਸੁੱਕਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ 24 ਘੰਟੇ ਵਾਲੀ ਬਿਜਲੀ ਸਪਲਾਈ ’ਚ ਵੀ ਲਗਾਤਾਰ ਕੱਟ ਲਾਏ ਜਾ ਰਹੇ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਿਮਾਰ ਬਜ਼ੁਰਗਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਕਈ ਪਿੰਡਾਂ ਦੇ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਸਮੱਸਿਆ ਕਈ ਵਾਰ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਹੁਣ ਤੱਕ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜੇਕਰ ਬਿਜਲੀ ਕੱਟ ਲਾਉਣੇ ਲਾਜ਼ਮੀ ਹਨ ਤਾਂ ਕਿਸਾਨਾਂ ਨੂੰ ਪਹਿਲਾਂ ਤੋਂ ਸਮਾਂ ਦੱਸਿਆ ਜਾਵੇ, ਤਾਂ ਜੋ ਉਹ ਸਿੰਜਾਈ ਲਈ ਬਦਲਵੀਂ ਯੋਜਨਾ ਬਣਾ ਸਕਣ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਉਹ ਤਰਨ ਤਾਰਨ, ਪੱਟੀ, ਫਿਰੋਜ਼ਪੁਰ ਨੂੰ ਜੋੜਨ ਵਾਲੇ ਕੋਟ ਬੁੱਢਾ ਪੁਲ ’ਤੇ ਆਵਾਜਾਈ ਬੰਦ ਕਰ ਦੇਣਗੇ।
ਚੌਟਾਲਾ ਬਿਜਲੀ ਘਰ ’ਚ ਪ੍ਰਦਰਸ਼ਨ ਅੱਜ
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਭਿਆਨਕ ਗਰਮੀ ਦੌਰਾਨ ਡੱਬਵਾਲੀ ਸ਼ਹਿਰ ਅਤੇ ਪੇਂਡੂ ਖੇਤਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹਨ। ਸ਼ਹਿਰ ਵਿੱਚ ਦਿਨ-ਰਾਤ ਲੱਗ ਰਹੇ ਲੰਬੇ ਕੱਟਾਂ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਜਦਕਿ ਚੌਟਾਲਾ, ਆਸਾਖੇੜਾ, ਭਾਰੂਖੇੜਾ, ਤੇਜਾਖੇੜਾ ਅਤੇ ਅਬੁੱਬਸ਼ਹਿਰ ਸਣੇ ਕਈ ਪਿੰਡਾਂ ਵਿੱਚ ਬਿਜਲੀ ਸੰਕਟ ਨਾਲ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਵੀ ਲੋਕਾਂ ਵਿੱਚ ਭਾਰੀ ਰੋਸ ਹੈ। ਇਨ੍ਹਾਂ ਮੰਗਾਂ ਲਈ ਲੋਕ 20 ਜੁਲਾਈ ਨੂੰ ਪੰਚਾਇਤ ਘਰ, ਚੌਟਾਲਾ ਤੋਂ ਪੈਦਲ ਮਾਰਚ ਕਰ ਕੇ ਚੌਟਾਲਾ ਬਿਜਲੀਘਰ ਅੱਗੇ ਪ੍ਰਦਰਸ਼ਨ ਕਰਨਗੇ। ਸ਼ਹਿਰ ਵਾਸੀਆਂ ਨੇ ਦੋਸ਼ ਲਾਇਆ ਕਿ ਲਗਾਤਾਰ ਬਿਜਲੀ ਕੱਟਾਂ ਕਾਰਨ ਰਾਤਾਂ ਦੀ ਨੀਂਦ ਉੱਡ ਗਈ ਹੈ ਅਤੇ ਸ਼ਿਕਾਇਤਾਂ ਦੇ ਬਾਵਜੂਦ ਬਿਜਲੀ ਸਪਲਾਈ ਵਿੱਚ ਸੁਧਾਰ ਨਹੀਂ ਹੋ ਰਿਹਾ। ਖਪਤਕਾਰਾਂ ਦਾ ਦੋਸ਼ ਹੈ ਕਿ ਸ਼ਿਕਾਇਤ ਸਮੇਂ ਬਿਜਲੀ ਨਿਗਮ ਦੇ ਅਧਿਕਾਰੀਆਂ ਅਤੇ ਸ਼ਿਕਾਇਤ ਕੇਂਦਰਾਂ ਦੇ ਫ਼ੋਨ ਅਕਸਰ ਰੁੱਝੇ ਰਹਿੰਦੇ ਹਨ ਜਾਂ ਕਾਲ ਨਹੀਂ ਚੁੱਕੀ ਜਾਂਦੀ। ਚੌਟਾਲਾ ਕੇ ਕਿਸਾਨ ਆਗੂ ਰਾਕੇਸ਼ ਫਗੋੜੀਆ ਨੇ ਕਿਹਾ ਕਿ ਟਿਊਬਵੈਲਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਚਾਰ ਘੰਟੇ ਵੀ ਸਪਲਾਈ ਨਹੀਂ ਮਿਲਦੀ। ਨਹਿਰੀ ਪਾਣੀ ਨਾ ਹੋਣ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੌਟਾਲਾ ਵਿੱਚ ਪੀਣ ਲਈ ਦੂਸ਼ਿਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ। ਪੇਂਡੂਆਂ ਨੇ ਨਿਰਵਿਘਨ ਬਿਜਲੀ ਸਪਲਾਈ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਹੈ। ਬਿਜਲੀ ਨਿਗਮ ਦੇ ਐੱਸ ਡੀ ਓ ਪ੍ਰਦੀਪ ਬਾਨਾ ਨੇ ਕਿਹਾ ਕਿ ਮੀਂਹ ਨਾ ਹੋਣ ਅਤੇ ਭਿਆਨਕ ਗਰਮੀ ਕਾਰਨ ਬਿਜਲੀ ਸੰਕਟ ਬਣਿਆ ਹੋਇਆ ਹੈ। ਅਣਐਲਾਨੇ ਬਿਜਲੀ ਕੱਟ ਮੁੱਖ ਦਫ਼ਤਰ ਪੱਧਰ ਤੋਂ ਲੱਗ ਰਹੇ ਹਨ।

