ਕਿਸਾਨ ਸਹਾਇਕ ਧੰਦਿਆਂ ਨਾਲ ਜੁੜਨ: ਖੁੱਡੀਆਂ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਵਿੱਚ ਪਸ਼ੂ ਪਾਲਣ ਮੇਲਾ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੁੜਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਘਰ ਵਿੱਚ ਪਸ਼ੂ ਪਾਲਣ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੁੰਦਾ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਮਦਦ ਲਈ ਕੀਤੇ ਜਾ ਰਹੇ ਜ਼ਮੀਨੀ ਪੱਧਰ ਦੇ ਉਪਰਾਲਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਪਸ਼ੂਆਂ ਦੇ ਟੀਕਾਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਲਜ ਪ੍ਰਬੰਧਕਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਨੇ ਕਿਹਾ ਕਿ ਪਸ਼ੂ ਪਾਲਣ ਅਜਿਹਾ ਕਿੱਤਾ ਹੈ ਜਿਸ ਤੋਂ ਰੋਜ਼ਾਨਾ ਆਮਦਨ ਹੁੰਦੀ ਹੈ ਅਤੇ ਵਿਗਿਆਨਕ ਤਰੀਕਿਆਂ ਨਾਲ ਇਸ ਆਮਦਨ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਮੇਲੇ ਦਾ ਮੁੱਖ ਸੁਨੇਹਾ ਆਧੁਨਿਕ ਤੇ ਟਿਕਾਊ ਪਸ਼ੂ ਪਾਲਣ ਪ੍ਰਣਾਲੀਆਂ ਨੂੰ ਅਪਣਾਉਣਾ ਹੈ ਤਾਂ ਜੋ ਪਸ਼ੂਆਂ ਦੀ ਪ੍ਰਜਣਨ, ਪ੍ਰਬੰਧਨ, ਖੁਰਾਕ, ਸਿਹਤ ਤੇ ਭਲਾਈ ਰਾਹੀਂ ਪਸ਼ੂ ਪਾਲਣ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕੇ। ਮੇਲੇ ਦਾ ਮੁੱਖ ਆਕਰਸ਼ਣ ਸਰਵੋਤਮ ਪਸ਼ੂ ਮੁਕਾਬਲੇ ਰਹੇ ਜਿਸ ਵਿੱਚ ਮੁਰ੍ਹਾ ਮੱਝਾਂ, ਐੱਚ ਐੱਫ ਗਊਆਂ, ਬੀਟਲ ਬੱਕਰੀਆਂ ਅਤੇ ਕਜਲੀ ਭੇਡਾਂ ਸ਼ਾਮਲ ਸਨ। ਇਸ ਦੌਰਾਨ ਹਰ ਸ਼੍ਰੇਣੀ ਦੇ ਪਹਿਲੇ ਤਿੰਨ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਨਗਦ ਇਨਾਮ ਦਿੱਤੇ ਗਏ। ਅੰਤ ਵਿੱਚ ਡਾ. ਕੁਲਦੀਪ ਗੁਪਤਾ ਡੀਨ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ।
