ਰਾਜਿੰਦਰ ਵਰਮਾ
ਭਦੌੜ, 23 ਅਕਤੂਬਰ
ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 23ਵੇਂ ਦਿਨ ਅੱਜ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਹਿਤਾ, ਜਗਜੀਵਨ ਸਿੰਘ, ਭੋਲਾ ਸਿੰਘ ਵਿਧਾਤੇ, ਰਾਮ ਸਿੰਘ ਅਤੇ ਭੋਲਾ ਸਿੰਘ ਛੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਛੇ ਸਾਲਾਂ ਤੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ ਤੇ ਹਰ ਦਿਨ ਲੋਕ ਵਿਰੋਧੀ ਫ਼ੈਸਲੇ ਲਾਗੂ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਕਾਰਪੋਰੇਟ ਘਰਾਣਿਆਂ ਦਾ ਘਿਰਾਓ ਜਾਰੀ ਰਹੇਗਾ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਾਨਕ ਰਿਲਾਇੰਸ ਪੰੰਪ ’ਤੇ ਲਗਾਇਆ ਧਰਨਾ ਅੱਜ 23ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਹਰਬੰੰਸ ਸਿੰਘ ਕੋਟਲੀ, ਗੁਰਾਂਦਿੱਤਾ ਸਿੰਘ ਭਾਗਸਰ, ਜੋਗਿੰਦਰ ਸਿੰਘ ਬੁੱਟਰ ਸ਼ਰੀਂਹ, ਨਵਨੀਤ ਕੌਰ ਬੁੱਟਰ ਬਖੂਆ ਅਤੇ ਨਸੀਬ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਤੇ ਓਮ ਪ੍ਰਕਾਸ਼ ਆਦਿ ਨੇ ਸੰਬੋਧਨ ਕੀਤਾ।
ਬੁਢਲਾਡਾ (ਐੱਨਪੀ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਕੀਤਾ ਘਿਰਾਓ ਅੱਜ 23ਵੇਂ ਦਿਨ ਚ ਚਲਾ ਗਿਆ। ਇਸ ਮੌਕੇ ਗਾਇਕ ਜਗਸੀਰ ਜੀਂਦਾ ਨੇ ਆਪਣੇ ਸਾਥੀ ਕਲਾਕਾਰਾਂ ਦੇ ਸਹਿਯੋਗ ਨਾਲ ਕਰੀਬ ਡੇਢ ਘੰਟਾ ਗੀਤਾਂ ਤੇ ਬੋਲੀਆਂ ਨਾਲ ਰੰਗ ਬੰਨ੍ਹੀ ਰੱਖਿਆ। ਧਰਨੇ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਦਲਿਓ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਬੋੜਾਵਾਲ, ਐਡਵੋਕੇਟ ਬਲਕਰਨ ਬੱਲੀ, ਲੱਖੋਵਾਲ ਦੇ ਸੂਬਾਈ ਆਗੂ ਪਰਸ਼ੋਤਮ ਗਿੱਲ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਸਿੰਘ ਚੌਹਾਨ ਅਤੇ ਡਕੌਂਦਾ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਦਰਸ਼ਨ ਸਿੰਘ ਗੁਰਨੇ ਕਲਾਂ ਨੇ ਸੰਬੋਧਨ ਕੀਤਾ।
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਰਿਲਾਇੰਸ ਪੰਪ ਵਲੂਰ ਤੇ ਦਿੱਤਾ ਜਾ ਰਿਹਾ ਧਰਨਾ ਅੱਜ 23ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਗਿੱਲ ਵਲੂਰ ਨੇ ਕਿਹਾ ਕਿ ਜਦੋੰ ਤੱਕ ਤਿੰਨੇ ਕਿਸਾਨ ਵਿਰੋਧੀ ਆਰਡੀਨੈਂਸ ਵਾਪਿਸ ਨਹੀਂ ਲਏ ਜਾਂਦੇ , ਉਨ੍ਹਾਂ ਦੇ ਧਰਨੇ ਜਾਰੀ ਰਹਿਣਗੇ।
ਭਗਤਾ ਭਾਈ (ਰਜਿੰਦਰ ਮਰਾਹੜ): ਰਿਲਾਇੰਸ ਪੰਪ ਭਗਤਾ ਭਾਈ ਅੱਗੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਲਗਾਇਆ ਦਿਨ-ਰਾਤ ਦਾ ਧਰਨਾ ਅੱਜ ਚੌਦਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਬਲਵੰਤ ਮਹਿਰਾਜ ਤੇ ਬੀਕੇਯੂ (ਕ੍ਰਾਂਤੀਕਾਰੀ) ਬਲਾਕ ਭਗਤਾ ਭਾਈ ਦੇ ਆਗੂ ਗੁਰਪ੍ਰੀਤ ਸਿੰਘ ਭਗਤਾ, ਤੀਰਥ ਰਾਮ ਸੇਲਬਰਾਹ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਜਗਸੀਰ ਮਹਿਰਾਜ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਭਾਜਪਾ ਆਗੂ ਸ਼ੰਟੀ ਦੇ ਘਰ ਦਾ ਘਿਰਾਓ ਜਾਰੀ
ਬਰਨਾਲਾ (ਪਰਸ਼ੋਤਮ ਬੱਲੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੱਜ ਲਗਾਤਾਰ 9ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਪੱਕਾ ਧਰਨਾ ਜਾਰੀ ਰਿਹਾ। ਪਹਿਲਾਂ ਦੀ ਤਰ੍ਹਾਂ ਅੱਜ ਵੀ ਵੱਡੀ ਗਿਣਤੀ ਕਿਸਾਨ, ਨੌਜਵਾਨ ਅਤੇ ਔਰਤਾਂ ਦੇ ਕਾਫਲੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਧਰਨੇ ‘ਚ ਸ਼ਾਮਲ ਹੋਏ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਸੰਦੀਪ ਸਿੰਘ ਚੀਮਾ, ਕਮਲਜੀਤ ਕੌਰ ਅਤੇ ਬਲਜੀਤ ਕੌਰ ਭੱਠਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਇਹ ਸੰਘਰਸ਼ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।